ਗੁਰਦਾਸਪੁਰ, 24 ਮਈ, ਹ.ਬ. : ਵਿਦੇਸ਼ ਨਾ ਭੇਜਣ ਅਤੇ ਪੈਸੇ ਵਾਪਸ ਨਾ ਮਿਲਣ ਤੋਂ ਪ੍ਰੇਸ਼ਾਨ ਪ੍ਰੇਮੀ ਜੋੜੇ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੋਵਾਂ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਦੋਵਾਂ ਦੀ ਮੌਤ ਹੋ ਚੁੱਕੀ ਹੈ। ਇਸ ਸਬੰਧੀ ਥਾਣਾ ਧਾਰੀਵਾਲ ਦੀ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸਦਰ ਹਰਪਾਲ ਸਿੰਘ ਨੇ ਦੱਸਿਆ ਕਿ ਰੋਹਿਤ ਵਾਸੀ ਸ਼ਹਿਜ਼ਾਦਾ ਨੰਗਲ ਥਾਣਾ ਸਿਟੀ ਗੁਰਦਾਸਪੁਰ, ਗੁਲਜ਼ਾਰ ਮਸੀਹ ਅਤੇ ਮਨਜ਼ੂਰ ਮਸੀਹ ਦੇ ਬਿਆਨਾਂ ਦੇ ਆਧਾਰ ’ਤੇ ਸੋਨੀਆ ਮਸੀਹ ਵਾਸੀ ਸ਼ਿਕਾਰ ਮਾਛੀਆ ਥਾਣਾ ਕੋਟਲੀ ਸੂਰਤ ਮੱਲੀ ਬਟਾਲਾ ਅਤੇ ਨੁਮੀਨਾ ਖੋਖਰ ਵਾਸੀ ਕਰਤਾਰ ਨਗਰ ਥਾਣਾ ਛੇਹਰਟਾ ਦੇ ਅਧੀਨ ਆਈ. ਦੀ ਧਾਰਾ 306 ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਭਰਾ ਵਿਕਰਾਂਤ ਮਸੀਹ (35) ਦੇ ਸ਼ਹਿਜ਼ਾਦਾ ਨੰਗਲ ਵਾਸੀ ਨੇਹਾ (32) ਨਾਲ ਪ੍ਰੇਮ ਸਬੰਧ ਸਨ। ਉਹ 22 ਮਈ ਨੂੰ ਨਿੱਜੀ ਕੰਮ ਲਈ ਧਾਰੀਵਾਲ ਗਿਆ ਸੀ। ਦੁਪਹਿਰ 1:30 ਵਜੇ ਦੇ ਕਰੀਬ ਉਸ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਵਿਕਰਾਂਤ ਨੇ ਫੇਸਬੁੱਕ ’ਤੇ ਪੋਸਟ ਪਾਈ ਹੈ। ਇਸ ਵਿੱਚ ਉਸ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਜਰਮਨੀ ਜਾਣ ਲਈ 24 ਲੱਖ ਰੁਪਏ ਦਿੱਤੇ ਗਏ ਸਨ। ਪਰ ਮੁਲਜ਼ਮਾਂ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਤੋਂ ਦੁਖੀ ਹੋ ਕੇ ਵਿਕਰਾਂਤ ਅਤੇ ਨੇਹਾ ਨੇ ਮਿਲ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਉਨ੍ਹਾਂ ਨੂੰ ਪਹਿਲਾਂ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ। ਥਾਣਾ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਸੂਚਨਾ ਮਿਲੀ ਕਿ ਦੋਵਾਂ ਦੀ ਮੌਤ ਹੋ ਗਈ ਹੈ। ਇਸ ’ਤੇ ਪੁਲਸ ਨੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ। ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।