ਪੰਜਾਬਣ ਅਥਲੀਟ ਕਮਲਪ੍ਰੀਤ ਕੌਰ ਨੇ ਤੋੜਿਆ 9 ਸਾਲ ਪੁਰਾਣਾ ਕੌਮੀ ਰਿਕਾਰਡ

ਨਵੀਂ ਦਿੱਲੀ, 20 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੰਜਾਬ ਦੇ ਖੇਡ, ਯੁਵਕ ਸੇਵਾਵਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਟੋਕੀਓ ਓਲੰਪਿਕ-2021 ਲਈ ਕੁਆਲੀਫਾਈ ਕਰਨ ਵਾਲੀ ਪੰਜਾਬਣ ਅਥਲੀਟ ਕਮਲਪ੍ਰੀਤ ਕੌਰ ਨੂੰ ਵਧਾਈ ਦਿੱਤੀ ਹੈ। ਕਮਲਪ੍ਰੀਤ ਨੇ ਕੁਆਲੀਫਾਈ ਕਰਨ ਲਈ ਰੱਖੀ ਹੱਦ ਤੋਂ ਕਿਤੇ ਜ਼ਿਆਦਾ ਦੂਰ ਡਿਸਕਸ ਸੁੱਟ ਕੇ 9 ਸਾਲ ਪੁਰਾਣਾ ਕੌਮੀ ਰਿਕਾਰਡ ਤੋੜਨ ਦਿੱਤਾ।
ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਉਲੰਪਿਕਸ ਲਈ ਕੁਆਲੀਫਾਈ ਕਰਕੇ ਕਮਲਪ੍ਰੀਤ ਕੌਰ ਨੇ ਹੁਣ ਪੰਜਾਬ ਦਾ ਮਾਣ ਵਧਾਇਆ ਹੈ। ਬਾਦਲ ਪਿੰਡ ਦੀ ਕਮਲਪ੍ਰੀਤ ਕੌਰ ਨੇ ਐਨ.ਆਈ.ਐਸ.ਪਟਿਆਲਾ ਵਿਖੇ 15 ਤੋਂ 19 ਮਾਰਚ ਤੱਕ ਹੋਏ ਫੈਡਰੇਸ਼ਨ ਕੱਪ ਨੈਸ਼ਨਲ ਅਥਲੈਟਿਕਸ ਦੇ ਆਖ਼ਰੀ ਦਿਨ ਪਹਿਲੀ ਹੀ ਥਰੋਅ 65.06 ਮੀਟਰ ਸੁੱਟੀ। ਇਸ ਦੇ ਨਾਲ ਹੀ 65 ਮੀਟਰ ਦੀ ਹੱਦ ਪਾਰ ਕਰਨ ਵਾਲੀ ਉਹ ਪਹਿਲੀ ਭਾਰਤੀ ਅਥਲੀਟ ਬਣ ਗਈ ਅਤੇ ਡਿਸਕਸ ਥਰੋਅ ਵਿੱਚ 9 ਸਾਲ ਪਹਿਲਾਂ ਬਣਾਇਆ ਗਿਆ ਕੌਮੀ ਰਿਕਾਰਡ ਤੋੜਦਿਆਂ ਟੋਕੀਓ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਗਈ। ਕਮਲਪ੍ਰੀਤ ਨੇ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਕ੍ਰਿਸ਼ਨਾ ਪੂਨੀਆ ਦਾ ਨੈਸ਼ਨਲ ਰਿਕਾਰਡ ਤੋੜਿਆ ਜਿਸ ਨੇ 2012 ਵਿੱਚ 64.76 ਮੀਟਰ ਦੀ ਥਰੋਅ ਸੁੱਟ ਕੇ ਰਿਕਾਰਡ ਕਾਇਮ ਕੀਤਾ ਸੀ। ਸੋਢੀ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਪੰਜਾਬ ਦੀਆਂ ਧੀਆਂ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟ ਰਹੀਆਂ ਹਨ। ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਖੇਡਾਂ ਵਿੱਚ ਆਪਣਾ ਪਹਿਲਾਂ ਵਾਲਾ ਮੁਕਾਮ ਹਾਸਲ ਕਰੇਗਾ। ਉਨ੍ਹਾਂ ਮੁੜ ਦੁਹਰਾਇਆ ਕਿਹਾ ਕਿ ਖਿਡਾਰੀ ਜੀਅ-ਜਾਨ ਨਾਲ ਖੇਡ ਪਿੜ ਵਿੱਚ ਸਫ਼ਲਤਾ ਦੇ ਝੰਡੇ ਗੱਡਣ। ਪੰਜਾਬ ਸਰਕਾਰ ਉਨ੍ਹਾਂ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਖਿਡਾਰੀਆਂ ਦੀ ਖੇਡ ਜਾਂ ਜੀਵਨ ਨਿਰਵਾਹ ਸਬੰਧੀ ਕਿਸੇ ਵੀ ਲੋੜ ਨੂੰ ਸਰਕਾਰ ਤਰਜੀਹੀ ਤੌਰ ’ਤੇ ਪੂਰਾ ਕਰੇਗੀ।

Video Ad
Video Ad