
ਜਲੰਧਰ, 10 ਮਾਰਚ, ਹ.ਬ. : ਪੰਜਾਬੀ ਗਾਇਕ ਹੈਪੀ ਰਾਏਕੋਟੀ ਦੇ ਖ਼ਿਲਾਫ਼ ਜਲੰਧਰ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਸ ਵਿਚ ਰਾਏਕੋਟੀ ’ਤੇ ਗੀਤ ਦੇ ਜ਼ਰੀਏ ਹਥਿਆਰਾਂ ਨੂੰ ਪ੍ਰਮੋਟ ਕਰਨ ਦਾ ਇਲਜ਼ਾਮ ਲਗਾਇਆ ਗਿਆ। ਸ਼ਿਕਾਇਕਰਤਾਵਾਂ ਨੇ ਕਿਹਾ ਕਿ ਗਾਇਕ ਹੈਪੀ ਰਾਏਕੋਟੀ ਵਲੋਂ ਗਾਏ ਗੀਤਾਂ ਦਾ ਨੌਜਵਾਨ ਪੀੜ੍ਹੀ ’ਤੇ ਗਲਤ ਪ੍ਰਭਾਵ ਪੈਂਦਾ ਹੈ। ਅਜਿਹੇ ਵਿਚ ਗਾਇਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਭੜਕਾਉਣ ਵਾਲੇ ਗੀਤ ਨਾ ਗਾਉਣ। ਸ਼ਿਕਾਇਕਰਤਾਵਾਂ ਨੇ ਕਿਹਾ ਕਿ ਗਾਇਕਾਂ ਨੂੰ ਹਥਿਆਰ ਅਤੇ ਨਸ਼ੇ ਨੂੰ ਬੜਾਵਾ ਦੇਣ ਵਾਲੇ ਸ਼ਬਦਾਵਲੀ ਦੇ ਇਸਤੇਮਾਲ ਤੋਂ ਪਰਹੇਜ਼ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਅਜਿਹੇ ਗੀਤ ਸੁਣਨ ਨਾਲ ਨੌਜਵਾਨਾਂ ਦੀ ਸਹਿਨ ਸ਼ਕਤੀ ਘੱਟ ਹੋ ਰਹੀ ਹੈ। ਨਾਲ ਹੀ ਉਨ੍ਹਾਂ ਵਿਚ ਹਿੰਸਾ ਦੀ ਭਾਵਨਾ ਵੀ ਵਧਦੀ ਹੈ। ਅਦਾਲਤ ਵਲੋਂ ਵੀ ਕਿਹਾ ਗਿਆ ਕਿ ਗੀਤਾਂ ਵਿਚ ਹਥਿਆਰਾਂ ਅਤੇ ਨਸ਼ੇ ਨੂੰ ਬੜਾਵਾ ਨਾ ਦਿੱਤਾ ਜਾਵੇ। ਪੰਜਾਬ ਸਰਕਾਰ ਨੇ ਵੀ ਹਥਿਆਰਾਂ ਦੀ ਪ੍ਰਦਰਸ਼ਨੀ ’ਤੇ ਪਾਬੰਦੀ ਲਗਾਈ ਹੈ। ਸ਼ਿਕਾਇਤਕਰਤਾਵਾਂ ਨੇ ਯੂਟਿਊਬ ’ਤੇ ਚਲ ਰਹੇ ਹੈਪੀ ਰਾਏਕੋਟੀ ਦੇ ਗੀਤ ਨੂੰ ਸਰਕਾਰ ਲਈ ਸਿੱਧੀ ਚੁਣੌਤੀ ਦੱਸਿਆ ਹੈ। ਸ਼ਿਕਾਇਕਰਤਾ ਪ੍ਰੋਫੈਸਰ ਐਮਪੀ ਸਿੰਘ, ਗਿਰੀਸ਼, ਗੌਤਮ ਕਪੂਰ ਅਤੇ ਰਘੂਵੀਰ ਸਿੰਘ ਨੇ ਸਰਕਾਰ ਨੂੰ ਹੈਪੀ ਰਾਏਕੋਟੀ ਦੇ ਖ਼ਿਲਾਫ਼ ਕਾਰਵਾਈ ਕਰਨ ਅਤੇ ਗੀਤ ਨੂੰ ਯੂਟਿਊਬ ਤੋਂ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ।