Home ਪੰਜਾਬ ਪੰਜਾਬ ਤੋਂ ਬਾਅਦ ਚੰਡੀਗੜ੍ਹ ‘ਚ ਲੱਗਿਆ ਨਾਈਟ ਕਰਫ਼ਿਊ, ਰਾਤ 10 ਤੋਂ 5 ਵਜੇ ਤਕ ਆਵਾਜਾਈ ‘ਤੇ ਰੋਕ

ਪੰਜਾਬ ਤੋਂ ਬਾਅਦ ਚੰਡੀਗੜ੍ਹ ‘ਚ ਲੱਗਿਆ ਨਾਈਟ ਕਰਫ਼ਿਊ, ਰਾਤ 10 ਤੋਂ 5 ਵਜੇ ਤਕ ਆਵਾਜਾਈ ‘ਤੇ ਰੋਕ

0
ਪੰਜਾਬ ਤੋਂ ਬਾਅਦ ਚੰਡੀਗੜ੍ਹ ‘ਚ ਲੱਗਿਆ ਨਾਈਟ ਕਰਫ਼ਿਊ, ਰਾਤ 10 ਤੋਂ 5 ਵਜੇ ਤਕ ਆਵਾਜਾਈ ‘ਤੇ ਰੋਕ

ਚੰਡੀਗੜ੍ਹ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪੰਜਾਬ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ‘ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਨਾਈਟ ਕਰਫ਼ਿਊ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇੱਥੇ ਰਾਤ 10 ਤੋਂ ਸਵੇਰੇ 5 ਵਜੇ ਤਕ ਲੋਕਾਂ ਦੇ ਬਾਹਰ ਨਿਕਲਣ ‘ਤੇ ਪਾਬੰਦੀ ਹੋਵੇਗੀ। ਹਾਲਾਂਕਿ ਲਾਜ਼ਮੀ ਸੇਵਾਵਾਂ ‘ਚ ਲੱਗੇ ਲੋਕਾਂ ਨੂੰ ਇਸ ਤੋਂ ਛੋਟ ਮਿਲੇਗੀ। ਪ੍ਰਸ਼ਾਸਨ ਵੀਕੈਂਡ ਲੌਕਡਾਊਨ ਲਗਾਉਣ ‘ਤੇ ਵੀ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ।

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਮੰਗਲਵਾਰ ਨੂੰ ਟ੍ਰਾਈਸਿਟੀ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਬੈਠਕ ‘ਚ ਪ੍ਰਸ਼ਾਸਕ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਬਾਰੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ‘ਚ ਕੋਰੋਨਾ ਦੇ ਰੋਜ਼ਾਨਾ ਕੇਸਾਂ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਲਾਗ ਨੂੰ ਫੈਲਣ ਤੋਂ ਰੋਕਣ ਲਈ ਨਾਈਟ ਕਰਫ਼ਿਊ ਦਾ ਐਲਾਨ ਕੀਤਾ ਗਿਆ ਹੈ। ਪ੍ਰਸ਼ਾਸਕ ਦਾ ਇਹ ਹੁਕਮ ਬੁੱਧਵਾਰ ਰਾਤ ਤੋਂ ਲਾਗੂ ਹੋ ਜਾਵੇਗਾ। ਬਦਨੌਰ ਨੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਨੂੰ ਨਾਈਟ ਕਰਫ਼ਿਊ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਦੌਰਾਨ ਲੋਕਾਂ ਨੂੰ ਇਕੱਠੇ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਅਤੇ ਨਾ ਹੀ ਕਿਸੇ ਕਿਸਮ ਦੀ ਪਾਰਟੀ ਦਾ ਆਯੋਜਨ ਹੋਣ ਦਿੱਤਾ ਜਾਵੇਗਾ।

ਬਦਨੌਰ ਨੇ ਸਾਰੇ ਰੈਸਟੋਰੈਂਟ ਮਾਲਕਾਂ ਨੂੰ ਰਾਤ 10 ਵਜੇ ਤੋਂ ਪਹਿਲਾਂ ਆਪਣਾ ਕੰਮ ਬੰਦ ਕਰਨ ਅਤੇ ਘਰ ਵਾਪਸ ਆਉਣ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਮੀਟਿੰਗ ‘ਚ ਵੀਕੈਂਡ ਕਰਫ਼ਿਊ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਬਦਨੌਰ ਨੇ ਕਿਹਾ ਕਿ ਵੀਕੈਂਡ ਕਰਫ਼ਿਊ ਲਗਾਇਆ ਜਾਵੇਗਾ ਜਾਂ ਨਹੀਂ, ਇਹ ਲੋਕਾਂ ਦੇ ਵਤੀਰੇ ‘ਤੇ ਨਿਰਭਰ ਕਰੇਗਾ। ਜੇ ਲੋਕ ਸ਼ਹਿਰ ‘ਚ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਤਾਂ ਸ਼ਹਿਰ ‘ਚ ਵੀਕੈਂਡ ਕਰਫਿਊ ਲਗਾਉਣ ਲਈ ਮਜਬੂਰ ਹੋਣਾ ਪਵੇਗਾ।