
ਚੰਡੀਗੜ੍ਹ, 20 ਜੁਲਾਈ, ਹ.ਬ. : ਪੰਜਾਬ ਵਿੱਚ ਅੰਤਰਰਾਸ਼ਟਰੀ ਸਰਹੱਦ ਪਾਰੋਂ ਡਰੋਨਾਂ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਪੁਲੀਸ, ਬਾਰਡਰ ਰੇਂਜ ਅਫਸਰਾਂ ਅਤੇ ਖੁਫੀਆ ਵਿਭਾਗ ਨੇ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਨਵੇਂ ਨਿਯਮ ਲਾਗੂ ਕੀਤੇ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਹੁਣ ਭਾਰਤ-ਪਾਕਿ ਸਰਹੱਦ ਤੋਂ ਛੇ ਕਿਲੋਮੀਟਰ ਦੇ ਖੇਤਰ ਵਿੱਚ ਡਰੋਨਾਂ ’ਤੇ ਪਾਬੰਦੀ ਲਾ ਦਿੱਤੀ ਗਈ ਹੈ, ਜੋ ਪਹਿਲਾਂ ਤਿੰਨ ਕਿਲੋਮੀਟਰ ਤੱਕ ਸੀ। ਹੁਣ ਤੋਂ ਜੇਕਰ ਪਾਬੰਦੀਸ਼ੁਦਾ ਖੇਤਰ ਵਿੱਚ ਕੋਈ ਡਰੋਨ ਮਿਲਦਾ ਹੈ ਤਾਂ ਪੰਜਾਬ ਪੁਲਿਸ ਅਤੇ ਬੀਐਸਐਫ ਤੁਰੰਤ ਹਮਲਾ ਕਰਕੇ ਉਸ ਨੂੰ ਨਸ਼ਟ ਕਰ ਦੇਵੇਗੀ। ਨਾਲ ਹੀ, ਡਰੋਨ ਰੱਖਣ ਵਾਲੇ ਹਰ ਵਿਅਕਤੀ ਨੂੰ ਇਸ ਨੂੰ ਉਡਾਉਣ ਲਈ ਆਪਣੇ ਖੇਤਰ ਦੇ ਡੀਸੀ ਤੋਂ ਪਰਮਿਟ ਲੈਣਾ ਹੋਵੇਗਾ। ਦੋ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀ ਪ੍ਰਧਾਨਗੀ ਹੇਠ ਸੁਰੱਖਿਆ ਸਬੰਧੀ ਮੀਟਿੰਗ ਵਿੱਚ ਸੂਬਾ ਪੁਲੀਸ ਦੇ ਸੀਨੀਅਰ ਅਧਿਕਾਰੀਆਂ, ਸਰਹੱਦੀ ਜ਼ਿਲ੍ਹਿਆਂ ਦੇ ਅਧਿਕਾਰੀਆਂ, ਇੰਟੈਲੀਜੈਂਸ, ਕਾਊਂਟਰ ਇੰਟੈਲੀਜੈਂਸ, ਵੱਖ-ਵੱਖ ਐਸਟੀਐਫ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਡੀਆਈਜੀ ਬਾਰਡਰ ਰੇਂਜ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਏ।