
ਵਿਜੀਲੈਂਸ ਕਾਰਵਾਈ ਨੂੰ ਲੈ ਕੇ ਭਿੜੇ ਸੀਐਮ ਮਾਨ ਤੇ ਬਾਜਵਾ
ਚੰਡੀਗੜ੍ਹ, 6 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਦੂਜਾ ਦਿਨ ਪ੍ਰਸ਼ਨ ਕਾਲ ਦੇ ਚਲਦਿਆਂ ਦੁਪਹਿਰ ਤੱਕ ਸ਼ਾਂਤੀ ਭਰਪੂਰ ਰਿਹਾ, ਪਰ ਲੰਚ ਮਗਰੋਂ ਖੂਬ ਹੰਗਾਮਾ ਦੇਖਣ ਨੂੰ ਮਿਲਿਆ। ਇਸ ਦੌਰਾਨ ਵਿਜੀਲੈਂਸ ਕਾਰਵਾਈ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੀਨੀਅਰ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਜਮ ਕੇ ਬਹਿਸ ਹੋਈ।
ਮੁੱਖ ਮੰਤਰੀ ਭਗਵੰਤ ਮਾਨ ਨੇ ਬਾਜਵਾ ’ਤੇ ਤਿੱਖਾ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਤੁਸੀਂ ਪੰਜਾਬ ਦੀ ਬਦਨਾਮੀ ਝੱਲ ਸਕਦੇ ਹੋ, ਪਰ ਕਾਂਗਰਸ ਦੀ ਨਹੀਂ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚੋਂ ਜੋ ਵੀ ਗਲਤੀ ਕਰੇਗਾ ਉਹ ਵੀ ਅੰਦਰ ਜਾਵੇਗਾ। ਇਸ ਦੇ ਨਾਲ ਹੀ ਕਾਂਗਰਸੀ ਆਗੂਆਂ ਦੇ ਨਾਂ ਗੈਂਗਸਟਰਾਂ ਨਾਲ ਮਿਲਾਉਣ ਦੀ ਗੱਲ ਕਹੀ। ਸੀਐਮ ਮਾਨ ਨੇ ਕਿਹਾ ਕਿ ਹਰ ਮਾਮਲੇ ਦੀ ਜਾਂਚ ਵਿੱਚ ਸਮਾਂ ਲੱਗਦਾ ਹੈ ਅਤੇ ਸਾਰਿਆਂ ਦੀ ਵਾਰੀ ਆਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਪੰਜਾਬ ਦਾ ਇੱਕ ਪੈਸਾ ਵੀ ਖਾਧਾ ਹੈ, ਉਸ ਦਾ ਜਵਾਬਦੇਹ ਹੋਵੇਗਾ।
ਸੋ ਇਸ ਤਰ੍ਹਾਂ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਦੂਜਾ ਦਿਨ ਕਾਫ਼ੀ ਹੰਗਾਮੇ ਭਰਪੂਰ ਰਿਹਾ। ਇਸ ਦੌਰਾਨ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ, ਪਰ ਸੀਐਮ ਮਾਨ ਨੇ ਉਨ੍ਹਾਂ ਦੇ ਸਵਾਲਾਂ ਦੇ ਠੋਕਵੇਂ ਜਵਾਬ ਦਿੱਤੇ।