ਪੰਜਾਬ ਸਰਕਾਰ ਦੇ ਮੰਤਰੀਆਂ ਦੇ ਪਿੱਛੇ ਪਿਆ ਕੋਰੋਨਾ

ਚੰਡੀਗੜ੍ਹ, 30 ਜੁਲਾਈ, ਹ.ਬ. : ਪੰਜਾਬ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਨਾਲ 3 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹ ਮੌਤਾਂ ਹੁਸ਼ਿਆਰਪੁਰ, ਲੁਧਿਆਣਾ ਅਤੇ ਮੋਗਾ ਵਿੱਚ ਹੋਈਆਂ ਹਨ। ਇਸ ਦੇ ਨਾਲ ਹੀ ਜੇਲ੍ਹ ਮੰਤਰੀ ਹਰਜੋਤ ਬੈਂਸ ਤੋਂ ਬਾਅਦ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈਕਿਸ਼ਨ ਰੋੜੀ ਵੀ ਕੋਰੋਨਾ ਪਾਜ਼ੀਟਿਵ ਹੋ ਗਏ ਹਨ। ਉਨ੍ਹਾਂ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ। ਇਸ ਸਮੇਂ ਰਾਜ ਵਿੱਚ 95 ਮਰੀਜ਼ ਆਕਸੀਜਨ ਅਤੇ ਆਈਸੀਯੂ ਵਿੱਚ ਯਾਨੀ ਜੀਵਨ ਬਚਾਓ ਸਹਾਇਤਾ ’ਤੇ ਪਹੁੰਚ ਚੁੱਕੇ ਹਨ। ਇਸ ਦੇ ਬਾਵਜੂਦ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਕੋਈ ਪਾਬੰਦੀ ਨਹੀਂ ਲਗਾਈ ਹੈ। ਪੰਜਾਬ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 526 ਮਾਮਲੇ ਸਾਹਮਣੇ ਆਏ ਹਨ। ਮੋਹਾਲੀ ਵਿੱਚ ਸਭ ਤੋਂ ਵੱਧ 100 ਮਰੀਜ਼ ਮਿਲੇ ਹਨ। ਦੂਜੇ ਨੰਬਰ ’ਤੇ ਜਲੰਧਰ ’ਚ 74, ਲੁਧਿਆਣਾ ’ਚ 58 ਮਰੀਜ਼ ਮਿਲੇ ਹਨ। ਇਸ ਦੌਰਾਨ 11,964 ਕੋਵਿਡ ਨਮੂਨੇ ਲੈ ਕੇ 11,721 ਦੀ ਜਾਂਚ ਕੀਤੀ ਗਈ। ਰਾਜ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ ਹੁਣ 2,992 ਹੋ ਗਈ ਹੈ। ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ 100 ਤੋਂ ਵੱਧ ਐਕਟਿਵ ਕੇਸ ਸਾਹਮਣੇ ਆਏ ਹਨ। ਸਭ ਤੋਂ ਵੱਧ 721 ਮੁਹਾਲੀ ਵਿੱਚ ਹਨ। ਜਲੰਧਰ ਵਿੱਚ 406, ਲੁਧਿਆਣਾ ਵਿੱਚ 341, ਪਟਿਆਲਾ ਵਿੱਚ 234, ਬਠਿੰਡਾ ਵਿੱਚ 216, ਅੰਮ੍ਰਿਤਸਰ ਵਿੱਚ 174, ਹੁਸ਼ਿਆਰਪੁਰ ਵਿੱਚ 162 ਅਤੇ ਰੋਪੜ ਵਿੱਚ 138 ਐਕਟਿਵ ਕੇਸ ਹਨ। ਬਾਕੀ ਜ਼ਿਲ੍ਹਿਆਂ ਵਿੱਚ ਐਕਟਿਵ ਕੇਸ 100 ਤੋਂ ਘੱਟ ਹਨ।

Video Ad
Video Ad