Home ਤਾਜ਼ਾ ਖਬਰਾਂ ਪੰਜਾਬ ਸਰਕਾਰ ਨੇ ਚੇਤਿਆਂ ਵਿਚੋਂ ਬੱਚਿਆਂ ਨੂੰ ਵਿਸਾਰਿਆ

ਪੰਜਾਬ ਸਰਕਾਰ ਨੇ ਚੇਤਿਆਂ ਵਿਚੋਂ ਬੱਚਿਆਂ ਨੂੰ ਵਿਸਾਰਿਆ

0
ਪੰਜਾਬ ਸਰਕਾਰ ਨੇ ਚੇਤਿਆਂ ਵਿਚੋਂ ਬੱਚਿਆਂ ਨੂੰ ਵਿਸਾਰਿਆ

ਚੰਡੀਗੜ੍ਹ, 3 ਦਸੰਬਰ, ਕਮਲਜੀਤ ਸਿੰਘ ਬਨਵੈਤ : ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਤਕੜੀ ਵਾਹ ਵਾਹ ਖੱਟੀ ਹੈ। ਪੰਜਾਬ ਸਰਕਾਰ ਦੀ ਇਹ ਵਿਲੱਖਣ ਪਹਿਲ ਸੀ। ਨੌਜਵਾਨਾਂ ਨੂੰ ਖੇਡਣ ਲਈ ਪ੍ਰੇਰਣ ਦਾ ਇੱਕ ਵਸੀਲਾ। ਨਸ਼ੇ ਤੋਂ ਪਰੇ੍ਹ ਕਰਨ ਦੀ ਇੱਕ ਨਵੇਂ ਤਰ੍ਹਾਂ ਦੀ ਪਹਿਲ। ਵੈਸੇ ਇਹ ਦਿੱਲੀ ਮਾਡਲ ਦਾ ਹਿੱਸਾ ਨਹੀਂ ਸੀ। ਪਰ ਪਹਿਲੀਆਂ ਸਰਕਾਰਾਂ ਦੀ ਭੇਡਚਾਲ ਤੋਂ ਇੱਕ ਵੱਖਰਾ ਰਾਹ ਜ਼ਰੁੂਰ ਬਣਿਆ। ਪੰਜਾਬ ਸਰਕਾਰ ਦੇ ਇਸ ਨਿਵੇਕਲੇ ਉਦਮ ਨੂੰ ਕਿੰਨਾ ਕੁ ਬੂਰ ਪੈਂਦਾ ਇਹ ਸਮਾਂ ਦੱਸੇਗਾ।
ਉਂਜ ਇਹ ਗੱਲ ਸ਼ੁਰੂ ਵਿਚ ਹੀ ਮੰਨ ਲੈਣੀ ਚਾਹੀਦੀ ਕਿ ਪੰਜਾਬ ਦਾ ਖੇਡਾਂ ਵਿਚ ਪੁਰਾਣੇ ਵੇਲਿਆਂ ਦੀ ਤਰ੍ਹਾਂ ਹੁਣ ਨਾਂ ਨਹੀਂ ਬੋਲਦਾ ਨਾ ਹੀ ਕੌਮਾਂਤਰ ਖੇਡਾਂ ਵਿਚ ਭਾਰਤ ਦੀ ਤੂਤੀ ਬੋਲਦੀ ਹੈ। ਬਗੈਰ ਕਿਸੇ ਸ਼ੱਕ ਦੇ ਪੰਜਾਬ ਸਰਕਾਰ ਬੜਾ ਕੁੱਝ ਕਰਨ ਦੀ ਕਾਹਲ ਵਿਚ ਹੈ ਪਰ ਹਰ ਪਾਸੇ ਖਿਲਾਰਾ ਹੀ ਇੰਨਾ ਪੈ ਚੁੱਕਿਐ ਕਿ ਇਸ ਨੂੰ ਸਮੇਟਣਾ ਖਾਲਾ ਜੀ ਦਾ ਵਾੜਾ ਨਹੀਂ ਹੈ।
ਖੇਡਾਂ ਵਤਨ ਪੰਜਾਬ ਦੀਆਂ ਤੋਂ ਪਿੱਛੋਂ ਸਕੂਲ ਸਿੱਖਿਆ ਵਿਭਾਗ ਨੇ ਪ੍ਰਾਇਮਰੀ ਕਲਾਸਾਂ ਦੇ ਬੱਚਿਆਂ ਦੀਆਂ ਖੇਡਾਂ ਕਰਾਉਣ ਦਾ ਹੰਭਲਾ ਮਾਰਿਆ ਹੈ ਪਰ ਬੱਚਿਆਂ ਨੂੰ ਨਾ ਤਾਂ ਟਰੈਕ ਸੂਟ ਮੁਹੱਈਆ ਕਰਾਏ ਗਏ ਹਨ ਅਤੇ ਨਾ ਹੀ ਸਪੋਰਟਸ ਕਿੱਟ ਦਿੱਤੀ ਗਈ ਹੈ। ਸਕੂਲਾਂ ਵਿਚ ਪ੍ਰੈਕਟਿਸ ਕਰਦੇ ਬੱਚੇ ਠੁਰ ਠੁਰ ਕਰਦੇ ਦੇਖੇ ਜਾ ਸਕਦੇ ਹਨ। ਇੰਜ ਲੱਗਦਾ ਜਿਵੇਂ ਕਿਸੇ ਮੁਲਕ ਨੇ ਵਗੈਰ ਹਥਿਆਰਾਂ ਤੋਂ ਫੌਜੀਆਂ ਨੂੰ ਸਰਹੱਦਾਂ ’ਤੇ ਲੜਨ ਲਈ ਧੱਕ ਦਿੱਤਾ ਹੋਵੇ ਉਹ ਵੀ ਬਰਫੀਲੇ ਪਹਾੜਾਂ ਵਾਲੀ ਸਰਹੱਦ।
ਇਹ ਖੇਡਾਂ ਖਾਲਸੇ ਦੀ ਧਰਤੀ ਸ੍ਰੀ ਆਨੰਦੁਰ ਸਾਹਿਬ ਵਿਖੇ 6 ਤੋਂ 9 ਨਵੰਬਰ ਤੱਕ ਹੋਣੀਆਂ ਹਨ। ਇਨ੍ਹਾਂ ਵਿਚ 7 ਹਜ਼ਾਰ ਬੱਚੇ ਹਿੱਸਾ ਲੈ ਰਹੇ ਹਨ। ਇੰਜ ਲੱਗਦਾ ਜਿਵੇਂ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਚੇਤਿਆਂ ਵਿਚੋਂ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਵਿਸਰ ਗਈ ਹੋਵੇ। ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਭਾਗ ਨੂੰ ਲੀਹ ’ਤੇ ਲਿਆਉਣ ਦੀ ਜ਼ਿੰਮੇਵਾਰੀ ਚੁੱਕੀ ਸੀ ਪਰ ਪਰਨਾਲਾ ਉਥੇ ਦਾ ਉਥੇ ਰਹਿ ਗਿਆ ਲੱਗਦਾ ਹੈ।
ਸ੍ਰੀ ਆਨੰਦਪੁਰ ਸਾਹਿਬ ਵਿਖੇ ਚਾਰ ਦਿਨਾਂ ਮੁਕਾਬਲੇ ਦੌਰਾਨ 16 ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ ਜਿਨ੍ਹਾਂ ਵਿਚ ਅਥਲੈਟਿਕਸ, ਯੋਗਾ, ਕਬੱਡੀ, ਕਰਾਟੇ, ਸਵੀਮਿੰਗ, ਟੰਗ ਵਾਰ ਆਦਿ ਸ਼ਾਮਲ ਹੈ। ਸਕੂਲਾਂ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਕਰੋਨਾ ਤੋਂ ਬਾਅਦ ਪਹਿਲੀ ਵਾਰੀ ਪ੍ਰਾਇਮਰੀ ਕਲਾਸਾਂ ਦੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਪਰ ਇਸ ਵਾਰ ਨਾ ਤਾਂ ਟਰੈਕ ਸੂਟ ਅਤੇ ਨਾ ਹੀ ਖੇਡ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਅਧਿਆਪਕਾਂ ਦਾ ਇਹ ਵੀ ਕਹਿਣਾ ਹੈ ਕਿ ਸਾਲ 2017 ਤੱਕ ਸਕੂਲ ਸਿੱਖਿਆ ਵਿਭਾਗ ਬੱਚਿਆਂ ਨੂੰ ਖੇਡਾਂ ਦਾ ਸਾਰਾ ਸਮਾਨ ਦਿੰਦਾ ਰਿਹਾ ਹੈ।
ਸਰਕਾਰ ਦੀ ਬੇਰੁਖੀ ਦੀ ਸੂਰਤ ਵਿਚ ਬੱਚਿਆਂ ਦੇ ਮਾਪੇ ਵਿੱਤੀ ਬੋਝ ਢੋਣ ਲਈ ਮਜਬੂਰ ਹਨ। ਅਧਿਆਪਕਾਂ ਦਾ ਦੱਸਣਾ ਹੈ ਕਿ ਕਈ ਬੱਚਿਆਂ ਦੇ ਵਧੀਆ ਖਿਡਾਰੀ ਬਣਨ ਦੀਆਂ ਸੰਭਾਵਨਾਵਾਂ ਤਾਂ ਹੁਣ ਨਜ਼ਰ ਆਉਣ ਲੱਗੀਆਂ ਹਨ ਪਰ ਉਨ੍ਹਾਂ ਦੇ ਮਾਪੇ ਵਿੱਤੀ ਭਾਰ ਨਹੀਂ ਚੁੱਕ ਸਕਣਗੇ। ਇਨ੍ਹਾਂ ਅਧਿਆਪਕਾਂ ਨੂੰ ਠੰਡ ਕਾਰਨ ਬੱਚਿਆਂ ਦੇ ਬਿਮਾਰ ਹੋਣ ਦੀ ਚਿੰਤਾ ਹੁਣੇ ਤੋਂ ਸਤਾਉਣ ਲੱਗੀ ਹੈ।
ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਾਈਟ ਟੂ ਐਜਕੇਸ਼ਨ ਤਹਿਤ ਬੱਚਿਆਂ ਨੂੰ ਖੇਡਾਂ ਦਾ ਸਮਾਨ ਮੁਹੱਈਆ ਕਰਾਉਣਾ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਹੈ। ਪਰ ਸਰਕਾਰ ਆਪ ਬਣਾਏ ਨਿਯਮਾਂ ਤੋਂ ਭੱਜਣ ਲੱਗੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜ਼ੱਦੀ ਜ਼ਿਲ੍ਹਾ ਸੰਗਰੂਰ ਦੇ ਸਿੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਚਾਹੇ ਬੱਚਿਆਂ ਨੂੰ ਕਿੱਟਾਂ ਅਤੇ ਹੋਰ ਸਮਾਨ ਨਹੀਂ ਦਿੱਤਾ ਗਿਆ ਪਰ ਕਈ ਸਾਰੇ ਅਧਿਆਪਕ ਅਪਣੇ ਪੱਧਰ ’ਤੇ ਲੋੜਵੰਦਾਂ ਦੀ ਮਦਦ ਕਰਨ ਲਈ ਅੱਗੇ ਆਉਣ ਲੱਗੇ ਹਨ। ਦੂਜੇ ਬੰਨ੍ਹੇ ਡੀਪੀਆਈ ਐਲੀਮੈਂਟਰੀ ਹਰਿੰਦਰ ਕੌਰ ਕਹਿੰਦੇ ਹਨ ਕਿ ਉਨ੍ਹਾਂ ਦੇ ਧਿਆਨ ਵਿਚ ਅਜਿਹਾ ਕੋਈ ਕਾਨੂੰਨ ਨਹੀਂ ਜਿਸ ਤਹਿਤ ਬੱਚਿਆਂ ਨੂੰ ਮੁਫਤ ਟਰੈਕ ਸੂਟ ਅਤੇ ਕਿੱਟਾਂ ਦਿੱਤੀਆਂ ਜਾ ਸਕਦੀਆਂ ਹੋਣ। ਪਰ ਉਨ੍ਹਾਂ ਨਾਲ ਹੀ ਕਿਹਾ ਕਿ ਉਹ ਅਪਣੇ ਪੱਧਰ ’ਤੇ ਜ਼ਰੂਰ ਕੁੱਝ ਕਰਨਗੇ।