ਕੋਲਕਾਤਾ, 16 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ਦੇ ਪੁਰੂਲੀਆ ‘ਚ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ‘ਰੱਥ ਯਾਤਰਾ’ ‘ਚ ਭੰਨਤੋੜ ਦੀ ਖ਼ਬਰ ਮਿਲੀ ਹੈ। ਇਹ ਘਟਨਾ ਕਥਿਤ ਤੌਰ ‘ਤੇ ਤ੍ਰਿਣਮੂਲ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੀ ਰੈਲੀ ਤੋਂ ਤੁਰੰਤ ਬਾਅਦ ਪੁਰੂਲੀਆ ਜ਼ਿਲ੍ਹੇ ਦੇ ਮਨਬਾਜ਼ਾਰ ਕਸਬੇ ‘ਚ ਵਾਪਰੀ। ਇਸ ਤੋਂ ਬਾਅਦ ਭਾਰੀ ਪੁਲਿਸ ਫ਼ੋਰਸ ਦੀ ਤਾਇਨਾਤ ਕੀਤੀ ਗਈ ਹੈ। ਭਾਜਪਾ ਨੇ ਇਸ ਘਟਨਾ ਲਈ ਟੀਐਮਸੀ ਨੂੰ ਜ਼ਿੰਮੇਵਾਰ ਦੱਸਿਆ ਹੈ, ਜਦਕਿ ਟੀਐਮਸੀ ਨੇ ਭਾਜਪਾ ਦੇ ਦੋਸ਼ਾਂ ਨੂੰ ਖ਼ਾਰਜ ਕਰ ਦਿੱਤਾ।
ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ‘ਪਰਿਵਰਤਨ ਰੱਥ ਯਾਤਰਾ’ ਜ਼ਿਲ੍ਹੇ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਦੌਰੇ ਨੂੰ ਪੂਰਾ ਕਰਨ ਤੋਂ ਬਾਅਦ ਪੁਰੂਲਿਆ ਪਰਤ ਰਹੀ ਸੀ। ਭਾਜਪਾ ਦੇ ਅਮਿਤ ਮਾਲਵੀਆ ਨੇ ਕਿਹਾ ਕਿ ਭਾਜਪਾ ਦੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਨਮਾਨ ਯਾਤਰਾ ‘ਚ ਰੱਥ (ਬੱਸ) ਦੀ ਭੰਨਤੋੜ ਕੀਤੀ ਗਈ, ਜਦੋਂ ਇਸ ਨੂੰ ਪੁਰਲੀਆ ‘ਚ ਪਾਰਕ ਕੀਤਾ ਗਿਆ ਸੀ। ਇਸ ਘਟਨਾ ‘ਚ ਬੱਸ ਚਾਲਕ ਜ਼ਖ਼ਮੀ ਹੋ ਗਿਆ।
ਉਨ੍ਹਾਂ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਕੋਟੁਲਪੁਰ ਤੋਂ ਹਰੀ ਝੰਡੀ ਵਿਖਾਉਣਗੇ। ਟੀਐਮਸੀ ਕਦੇ ਵੀ ਇਸ ਨੂੰ ਰੋਕਣ ‘ਚ ਸਫਲ ਨਹੀਂ ਹੋਵੇਗੀ। ਇਸ ਘਟਨਾ ਤੋਂ ਬਾਅਦ ਭਾਜਪਾ ਨੇ ਸੜਕ ‘ਤੇ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ‘ਚ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਸੂਬੇ ‘ਚ ਲਗਾਤਾਰ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਹਿੰਸਾ ‘ਚ ਹੁਣ ਤਕ ਬਹੁਤ ਸਾਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਪੱਛਮੀ ਬੰਗਾਲ ‘ਚ 8 ਗੇੜਾਂ ‘ਚ 27 ਮਾਰਚ ਤੋਂ 29 ਅਪ੍ਰੈਲ ਤਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਨਤੀਜੇ 2 ਮਈ ਨੂੰ ਆਉਣਗੇ।

