Home ਤਾਜ਼ਾ ਖਬਰਾਂ ਫਟੀ ਜੀਨਸ ਵਾਲੇ ਬਿਆਨ ‘ਤੇ ਤੀਰਥ ਸਿੰਘ ਰਾਵਤ ਨੇ ਮੰਗੀ ਮਾਫ਼ੀ

ਫਟੀ ਜੀਨਸ ਵਾਲੇ ਬਿਆਨ ‘ਤੇ ਤੀਰਥ ਸਿੰਘ ਰਾਵਤ ਨੇ ਮੰਗੀ ਮਾਫ਼ੀ

0
ਫਟੀ ਜੀਨਸ ਵਾਲੇ ਬਿਆਨ ‘ਤੇ ਤੀਰਥ ਸਿੰਘ ਰਾਵਤ ਨੇ ਮੰਗੀ ਮਾਫ਼ੀ

ਦੇਹਰਾਦੂਨ, 19 ਮਾਰਚ (ਹਮਦਰਦ ਨਿਊਜ਼ ਸਰਵਿਸ) : ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਇਨ੍ਹੀਂ ਦਿਨੀਂ ਆਪਣੇ ਇਕ ਬਿਆਨ ਕਾਰਨ ਚਰਚਾ ‘ਚ ਹਨ। ਉਨ੍ਹਾਂ ਨੇ ਹਾਲ ਹੀ ‘ਚ ਅੱਜ-ਕੱਲ੍ਹ ਦੇ ਨੌਜਵਾਨਾਂ ਦੇ ਪਹਿਰਾਵੇ ਨੂੰ ਲੈ ਕੇ ਬਿਆਨ ਦਿੱਤਾ ਸੀ। ਇਸ ਬਿਆਨ ਮਗਰੋਂ ਚਾਰੇ ਪਾਸੀਓਂ ਹੋਈ ਨਿਖੇਧੀ ਤੋਂ ਬਾਅਦ ਤੀਰਥ ਸਿੰਘ ਰਾਵਤ ਨੇ ਮਾਫ਼ੀ ਮੰਗ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਹ ਬਿਆਨ ਸੰਸਕਾਰਾਂ ਦੇ ਪ੍ਰਸੰਗ ‘ਚ ਸੀ। ਜੇ ਕਿਸੇ ਨੇ ਫਟੀ ਹੋਈ ਜੀਨਸ ਪਹਿਨਣੀ ਹੈ ਤਾਂ ਪਹਿਨੇ। ਜੇ ਉਨ੍ਹਾਂ ਦੇ ਬਿਆਨ ਤੋਂ ਕਿਸੇ ਨੂੰ ਦੁੱਖ ਹੋਇਆ ਹੈ ਤਾਂ ਉਹ ਮਾਫ਼ੀ ਮੰਗਦੇ ਹਨ। ਉਨ੍ਹਾਂ ਨੇ ਇਹ ਗੱਲ ਮੀਡੀਆ ਨਾਲ ਗ਼ੈਰ-ਰਸਮੀ ਗੱਲਬਾਤ ਦੌਰਾਨ ਕਹੀ।
ਸ਼ੁੱਕਰਵਾਰ ਨੂੰ ਤੀਰਥ ਸਿੰਘ ਰਾਵਤ ਨੇ ਕਿਹਾ ਕਿ ਪਹਿਰਾਵੇ ‘ਤੇ ਉਨ੍ਹਾਂ ਦੀ ਟਿੱਪਣੀ ਭਾਰਤੀ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਉੱਤੇ ਕੇਂਦਰਿਤ ਸੀ। ਉਨ੍ਹਾਂ ਦਾ ਉਦੇਸ਼ ਕਿਸੇ ਦਾ ਅਪਮਾਨ ਕਰਨਾ ਨਹੀਂ ਸੀ। ਔਰਤਾਂ ਦਾ ਸਤਿਕਾਰ ਮੇਰੇ ਲਈ ਹਮੇਸ਼ਾ ਸਰਵਉੱਤਮ ਰਿਹਾ ਹੈ। ਰਾਵਤ ਨੇ ਕਿਹਾ ਕਿ ਜੇ ਉਨ੍ਹਾਂ ਦੇ ਬਿਆਨ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮਾਫ਼ੀ ਮੰਗਦੇ ਹਨ। ਹਰ ਕੋਈ ਆਪਣੀ ਪਸੰਦ ਦੇ ਕੱਪੜੇ ਪਾਉਣ ਲਈ ਸੁਤੰਤਰ ਹੈ।
ਸੀਐਮ ਰਾਵਤ ਨੇ ਕਿਹਾ, “ਜੇ ਸੰਸਕਾਰ ਤੇ ਅਨੁਸ਼ਾਸਨ ਪਰਿਵਾਰ ‘ਚ ਹੋਵੇਗਾ ਤਾਂ ਉਹ ਬੱਚਾ ਕਦੇ ਵੀ ਅਸਫ਼ਲ ਨਹੀਂ ਹੋਵੇਗਾ। ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਬੱਚੇ ਨੂੰ ਇਸ ਰੂਪ ‘ਚ ਵੀ ਢਾਲਣਾ ਚਾਹੀਦਾ ਹੈ। ਅਜਿਹੇ ‘ਚ ਮੈਂ ਗਲਤ ਕੀ ਕਿਹਾ ਸੀ?”
ਉਨ੍ਹਾਂ ਕਿਹਾ, “ਮੇਰੀ ਵੀ ਇਕ ਬੇਟੀ ਹੈ ਅਤੇ ਇਹ ਨਿਯਮ ਉਸ ਉੱਤੇ ਵੀ ਲਾਗੂ ਹੋਵੇਗਾ। ਮੈਂ ਸਿਰਫ਼ ਦੂਜਿਆਂ ਦੀ ਗੱਲ ਨਹੀਂ ਕਰ ਰਿਹਾ। ਮੈਂ ਬੱਸ ਇਹ ਕਹਿ ਰਿਹਾ ਹਾਂ ਕਿ ਵਾਤਾਵਰਣ ਅਤੇ ਸੰਸਕਾਰ ਕਿਵੇਂ ਹੋਣੇ ਚਾਹੀਦੇ ਹਨ। ਜਿੱਥੇ ਮੈਂ ਇਹ ਗੱਲ ਕਹੀ ਸੀ, ਉਹ ਪ੍ਰੋਗਰਾਮ ਵੀ ਅਜਿਹਾ ਹੀ ਸੀ ਅਤੇ ਵਿਸ਼ਾ ਵੀ ਅਜਿਹਾ ਹੀ ਸੀ।”
ਜਦੋਂ ਮੁੱਖ ਮੰਤਰੀ ਨੂੰ ਪੁੱਛਿਆ ਗਿਆ, “ਤੁਹਾਨੂੰ ਜੀਨਸ ਤੋਂ ਇਤਰਾਜ਼ ਹੈ ਜਾਂ ਫਟੀ ਜੀਨਸ ਤੋਂ?” ਇਸ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ, “ਮੈਨੂੰ ਜੀਨਸ ਤੋਂ ਨਹੀਂ, ਫਟੀ ਜੀਨਸ ਤੋਂ ਇਤਰਾਜ਼ ਹੈ। ਜੀਨਸ ਤਾਂ ਮੈਂ ਵੀ ਪਾਉਂਦਾ ਸੀ, ਪਰ ਹੁਣ ਕਿਸੇ ਨੂੰ ਜੇ ਅਜਿਹੀ ਫਟੀ ਜੀਨਸ ਪਹਿਨਣੀ ਹੈ ਤਾਂ ਮੈਂ ਕੀ ਕਰ ਸਕਦਾ ਹਾਂ? ਮੇਰੀ ਗੱਲ ਤੋਂ ਜੇ ਕਿਸੇ ਨੂੰ ਸੱਟ ਪਹੁੰਚੀ ਹੈ ਤਾਂ ਮੈਂ ਮਾਫ਼ੀ ਮੰਗਦਾ ਹਾਂ।”
ਜਾਣੋ ਕੀ ਕਿਹਾ ਸੀ ਤੀਰਥ ਸਿੰਘ ਰਾਵਤ ਨੇ ?
ਤੀਰਥ ਸਿੰਘ ਰਾਵਤ ਨੇ ਇਕ ਪ੍ਰੋਗਰਾਮ ‘ਚ ਕਿਹਾ ਸੀ, “ਮੈਂ ਇਕ ਵਾਰ ਜਹਾਜ਼ ‘ਚ ਜਦੋਂ ਬੈਠਾ ਸੀ ਤਾਂ ਮੇਰੇ ਨਾਲ ਇਕ ਔਰਤ ਬੈਠੀ ਹੋਈ ਸੀ। ਮੈਂ ਉਨ੍ਹਾਂ ਨੂੰ ਵੇਖਿਆ ਤਾਂ ਹੇਠਾਂ ਗਮਬੂਟ ਸਨ। ਜਦੋਂ ਹੋਰ ਉੱਪਰ ਦੇਖਿਆ ਤਾਂ ਗੋਡੇ ਫਟੇ (ਜੀਨਸ) ਹੋਏ ਸਨ। ਹੱਥ ਦੇਖੇ ਤਾਂ ਕਈ ਕੜੇ ਸਨ।”
ਰਾਵਤ ਨੇ ਕਿਹਾ ਸੀ, “ਜਦੋਂ ਗੋਡੇ ਦੇਖੇ ਅਤੇ ਦੋ ਬੱਚੇ ਨਾਲ ਦਿਖੇ ਤਾਂ ਮੇਰੇ ਪੁੱਛਣ ‘ਤੇ ਪਤਾ ਲੱਗਾ ਕਿ ਪਤੀ ਜੇਐਨਯੂ ‘ਚ ਪ੍ਰੋਫੈਸਰ ਹੈ ਅਤੇ ਉਹ ਖ਼ੁਦ ਕੋਈ ਐਨਜੀਓ ਚਲਾਉਂਦੀ ਹੈ। ਜੋ ਐਨਜੀਓ ਚਲਾਉਂਦੀ ਹੈ, ਉਨ੍ਹਾਂ ਦੇ ਗੋਡੇ ਦਿਖਦੇ ਹਨ। ਔਰਤਾਂ ਫਟੀ ਹੋਈ ਜੀਨਜ਼ ਪਹਿਨ ਕੇ ਚੱਲ ਰਹੀਆਂ ਹਨ, ਕੀ ਇਹ ਸਭ ਸਹੀ ਹੈ? ਇਹ ਕਿਹੋ ਜਿਹੇ ਸੰਸਕਾਰ ਹਨ? ਬੱਚਿਆਂ ਦੇ ਸੰਸਕਾਰ ਉਨ੍ਹਾਂ ਦੇ ਮਾਪਿਆਂ ਉੱਤੇ ਨਿਰਭਰ ਕਰਦੇ ਹਨ।”