
ਪੈਰਿਸ, 1 ਅਪ੍ਰੈਲ, ਹ.ਬ. : ਕੋਰੋਨਾ ਦੀ ਤੀਜੀ ਲਹਿਰ ਦੇ ਵਿਚ ਫਰਾਂਸ ਨੇ ਦੇਸ਼ ਵਿਚ ਇੱਕ ਮਹੀਨੇ ਦੇ ਲੌਕਡਾਊਨ ਦਾ ਐਲਾਨ ਕੀਤਾ ਹੈ। ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੇ ਦੱਸਿਆ ਕਿ ਕੋਰੋਨ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਅਗਲੇ 3 ਹਫਤਿਆਂ ਤੱਕ ਸਕੂਲ ਬੰਦ ਰਹਿਣਗੇ। ਈਸਟਰ ਤੋਂ ਬਾਅਦ ਅਗਲੇ ਇੱਕ ਮਹੀਨੇ ਤੱਕ ਦੇਸ਼ ਦੇ ਅੰਦਰ ਵੀ ਯਾਤਰਾ ਕਰਨ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਮਹਾਮਾਰੀ ਦੀ ਤੀਜੀ ਲਹਿਰ ਤੋਂ ਬਚਣ ਦੇ ਲਈ ਲੌਕਡਾਊਨ ਲਾਉਣਾ ਹੀ ਹੋਵੇਗਾ ਨਹੀਂ ਤਾਂ ਇਹ ਹਸਪਤਾਲਾਂ ’ਤੇ ਭਾਰੀ ਪੈ ਸਕਦੈ। ਜੇਕਰ ਅਸੀਂ ਠੋਸ ਕਦਮ ਨਹੀਂ ਚੁੱਕੇ ਤਾਂ ਕੋਰੋਨਾ ’ਤੇ ਕੰਟਰੋਲ ਖੋਹ ਦੇਵਾਂਗੇ।
ਉਧਰ ਬਰਾਜ਼ੀਲ ਵਿਚ ਹਾਲਾਤ ਬੁਰੇ ਹੁੰਦੇ ਜਾ ਰਹੇ ਹਨ। ਇੱਥੇ 89,200 ਲੋਕਾਂ ਵਿਚ ਕੋਰੋਨਾ ਦੀ ਪੁਸ਼ਟੀ ਹੋਈ। ਇਸ ਦੌਰਾਨ ਰਿਕਾਰਡ 3950 ਲੋਕਾਂ ਦੀ ਮੌਤ ਹੋਈ। ਇਹ ਇੱਕ ਦਿਨ ਵਿਚ ਮਰਨ ਵਾਲਿਆਂ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਪਹਿਲਾਂ 30 ਮਾਰਚ ਨੂੰ 3668 ਲੋਕਾਂ ਦੀ ਮੌਤ ਹੋਈ ਸੀ। ਇੱਥੇ ਹੁਣ ਤੱਕ 1.27 ਕਰੋੜ ਲੋਕ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 3.21 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਫਰਾਂਸ ਦੇ ਰਾਸ਼ਟਰਪਤੀ ਨੇ ਦੱਸਿਆ ਕਿ ਲੌਕਡਾਊਨ ਦੋ ਅਪ੍ਰੈਲ ਤੋਂ ਪ੍ਰਭਾਵੀ ਹੋਵੇਗਾ ਅਤੇ ਇਹ ਅਗਲੇ 4 ਹਫਤੇ ਤੱਕ ਜਾਰੀ ਰਹੇਗਾ। ਟੀਵੀ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਇਸ ਦੌਰਾਨ ਸਿਰਫ ਜ਼ਰੂਰੀ ਸਮਾਨ ਦੀ ਦੁਕਾਨਾਂ ਖੁਲ੍ਹਣ ਦੀ ਆਗਿਆ ਹੋਵੇਗੀ ਅਤੇ ਲੋਕਾਂ ਨੂੰ ਦਫਤਰਾਂ ਦੀ ਬਜਾਏ ਘਰ ਤੋਂ ਕੰਮ ਕਰਨਾ ਹੋਵੇਗਾ। ਇਸ ਦੌਰਾਨ ਜਨਤਕ ਮੀਟਿੰਗਾਂ ’ਤੇ ਪੂਰੀ ਤਰ੍ਹਾਂ ਰੋਕ ਰਹੇਗੀ। ਬਗੈਰ ਕਿਸੇ ਕਾਰਨ ਅਪਣੇ ਘਰ ਤੋਂ ਦਸ ਕਿਲੋਮੀਟਰ ਤੋਂ ਜ਼ਿਆਦਾ ਦੂਰ ਜਾਣ ’ਤੇ ਵੀ ਰੋਕ ਹੋਵੇਗੀ।