
ਫਲੋਰਿਡਾ, 20 ਮਾਰਚ, ਹ.ਬ. : ਮੌਤ ਕਦੋਂ ਤੇ ਕਿੱਥੇ ਆ ਜਾਵੇ ਕੁਝ ਕਿਹਾ ਨਹੀਂ ਜਾ ਸਕਦਾ। ਅਜਿਹਾ ਹੀ ਇੱਕ ਮਾਮਲਾ ਅਮਰੀਕਾ ਦੇ ਸਾਊਥ ਫਲੋਰਿਡਾ ਵਿਚ ਸਾਹਮਣੇ ਆਇਆ ਹੈ। ਇੱਥੇ ਸੜਕ ਤੋਂ ਲੰਘ ਰਹੀ ਇੱਕ ਕਾਰ ’ਤੇ ਇੱਕ ਛੋਟਾ ਜਹਾਜ਼ ਆ ਡਿੱਗਿਆ। ਇਸ ਭਿਆਨਕ ਹਾਦਸੇ ਵਿਚ ਪਾਇਲਟ ਸਣੇ 3 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਕਾਰ ਵਿਚ ਸਵਾਰ 4 ਸਾਲ ਦਾ ਬੱਚਾ ਵੀ ਸ਼ਾਮਲ ਹੈ। ਹਾਦਸੇ ਦੇ ਸਮੇਂ ਉਸ ਦੀ ਮਾਂ ਕਾਰ ਚਲਾ ਰਹੀ ਸੀ। ਉਹ ਫਿਲਹਾਲ ਹਸਪਤਾਲ ਵਿਚ ਭਰਤੀ ਹੈ। ਇਹ ਹਾਦਸਾ ਇੱਕ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਿਆ।
ਮੀਡੀਆ ਰਿਪੋਰਟਾਂ ਅਨੁਸਾਰ ਜਹਾਜ਼ ਫਲੋਰਿਡਾ ਦੇ ਪੈਮਬਰੋਕ ਪਾਈਂਸ ਸਥਿਤ ਨਾਰਥ ਪੇਰੀ ਏਅਰਪੋਰਟ ਤੋਂ ਉਡਿਆ ਸੀ। ਉਡਾਣ ਭਰਨ ਦੇ ਕੁਝ ਦੇਰ ਬਾਅਦ ਹੀ ਇਹ ਰਿਹਾਇਸ਼ੀ ਇਲਾਕੇ ਵਿਚ ਸੜਕ ’ਤੇ ਕਰੈਸ਼ ਹੋ ਗਿਆ। ਕਾਰ ਵਿਚ ਇੱਕ ਔਰਤ ਅਪਣੇ ਪੁੱਤਰ ਦੇ ਨਾਲ ਜਾ ਰਹੀ ਸੀ। ਹਾਦਸੇ ਵਿਚ ਔਰਤ ਦੀ ਜਾਨ ਬਚ ਗਈ, ਉਹ ਜ਼ਖਮੀ ਹਾਲਤ ਵਿਚ ਕਿਸੇ ਤਰ੍ਹਾਂ ਕਾਰ ਤੋਂ ਬਾਹਰ ਨਿਕਲੀ। ਉਸ ਦੇ ਬੇਟੇ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਮਾਮਲੇ ਦੀ ਜਾਂਚ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਕਰ ਰਿਹਾ ਹੈ। ਮੁਢਲੀ ਰਿਪੋਰਟ ਵਿਚ ਜਹਾਜ਼ ਦੇ ਬਿਜਲੀ ਤਾਰਾਂ ਵਿਚ ਉਲਝਣ ਦਾ ਖਦਸ਼ਾ ਜਤਾਇਆ ਜਾ ਰਿਹੈ। ਇਹ ਵੀ ਮੰਨਿਆ ਜਾ ਰਿਹੈ ਕਿ ਤਾਰਾਂ ਵਿਚ ਉਲਝਣ ਤੋਂ ਬਚਣ ਦੇ ਦੌਰਾਨ ਪਾਇਲਟ ਦਾ ਜਹਾਜ਼ ਕਾਬੂ ਨਹੀਂ ਰਿਹਾ ਹੋਵੇਗਾ।