Home ਦੁਨੀਆ ਫ਼ਰਾਂਸ ਦੀ ਵੈਬਸਾਈਟ ਦਾ ਦਾਅਵਾ – ਰਾਫ਼ੇਲ ਜਹਾਜ਼ਾਂ ਦੇ ਸੌਦੇ ‘ਚ ਹੋਇਆ ਸੀ ਭ੍ਰਿਸ਼ਟਾਚਾਰ, ਭਾਰਤੀ ਵਿਚੋਲੀਏ ਨੂੰ ਮਿਲੇ ਸਨ ਕਰੋੜਾਂ ਰੁਪਏ

ਫ਼ਰਾਂਸ ਦੀ ਵੈਬਸਾਈਟ ਦਾ ਦਾਅਵਾ – ਰਾਫ਼ੇਲ ਜਹਾਜ਼ਾਂ ਦੇ ਸੌਦੇ ‘ਚ ਹੋਇਆ ਸੀ ਭ੍ਰਿਸ਼ਟਾਚਾਰ, ਭਾਰਤੀ ਵਿਚੋਲੀਏ ਨੂੰ ਮਿਲੇ ਸਨ ਕਰੋੜਾਂ ਰੁਪਏ

0
ਫ਼ਰਾਂਸ ਦੀ ਵੈਬਸਾਈਟ ਦਾ ਦਾਅਵਾ – ਰਾਫ਼ੇਲ ਜਹਾਜ਼ਾਂ ਦੇ ਸੌਦੇ ‘ਚ ਹੋਇਆ ਸੀ ਭ੍ਰਿਸ਼ਟਾਚਾਰ, ਭਾਰਤੀ ਵਿਚੋਲੀਏ ਨੂੰ ਮਿਲੇ ਸਨ ਕਰੋੜਾਂ ਰੁਪਏ

ਨਵੀਂ ਦਿੱਲੀ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਫ਼ਰਾਂਸ ਦੀ ਨਿਊਜ਼ ਵੈਬਸਾਈਟ ‘ਮੀਡੀਆ ਪਾਰਟ’ ਨੇ ਇੱਕ ਵਾਰ ਫਿਰ ਰਾਫ਼ੇਲ ਲੜਾਕੂ ਜਹਾਜ਼ ਸੌਦੇ ‘ਚ ਭ੍ਰਿਸ਼ਟਾਚਾਰ ਦੀਆਂ ਸੰਭਾਵਨਾਵਾਂ ਨਾਲ ਸਵਾਲ ਖੜ੍ਹੇ ਕੀਤੇ ਹਨ। ਫ਼ਰਾਂਸ ਦੀ ਭ੍ਰਿਸ਼ਟਾਚਾਰ ਰੋਕੂ ਏਜੰਸੀ ਏਐਫਏ ਦੀ ਜਾਂਚ ਰਿਪੋਰਟ ਦੇ ਹਵਾਲੇ ਤੋਂ ਪ੍ਰਕਾਸ਼ਿਤ ਖ਼ਬਤ ਮੁਤਾਬਕ ਡੈਸੋ ਐਵੀਏਸ਼ਨ ਨੇ ਕੁਝ ਜਾਅਲੀ ਭੁਗਤਾਨ ਕੀਤੇ ਹਨ। ਕੰਪਨੀ ਦੇ ਸਾਲ 2017 ਦੇ ਖਾਤਿਆਂ ਦੇ ਆਡਿਟ ‘ਚ ਕਲਾਇੰਟ ਗਿਫ਼ਟਾਂ ਦੇ ਨਾਮ ‘ਤੇ 5 ਲੱਖ 8 ਹਜ਼ਾਰ 925 ਯੂਰੋ (4.39 ਕਰੋੜ ਰੁਪਏ) ਦਾ ਖਰਚਾ ਦਰਸਾਇਆ ਗਿਆ ਸੀ। ਪਰ ਇੰਨੀ ਵੱਡੀ ਰਕਮ ਬਾਰੇ ਕੋਈ ਠੋਸ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ। ਮਾਡਲ ਬਣਾਉਣ ਵਾਲੀ ਕੰਪਨੀ ਦਾ ਮਾਰਚ 2017 ‘ਚ ਇੱਕ ਬਿੱਲ ਵੀ ਉਪਲੱਬਧ ਕਰਵਾਇਆ ਗਿਆ।

ਏਐਫਏ ਵੱਲੋਂ ਪੁੱਛੇ ਜਾਣ ‘ਤੇ ਡੈਸੋ ਐਵੀਏਸ਼ਨ ਨੇ ਕਿਹਾ ਕਿ ਉਸ ਨੇ ਰਾਫ਼ੇਲ ਜਹਾਜ਼ ਦੇ 50 ਮਾਡਲ ਇਕ ਭਾਰਤੀ ਕੰਪਨੀ ਤੋਂ ਬਣਵਾਏ ਹਨ। ਇਨ੍ਹਾਂ ਮਾਡਲਾਂ ਲਈ 20 ਹਜ਼ਾਰ ਯੂਰੋ (17 ਲੱਖ ਰੁਪਏ) ਪ੍ਰਤੀ ਮਾਡਲ ਦੇ ਹਿਸਾਬ ਨਾਲ ਅਦਾ ਕੀਤਾ ਗਏ ਸਨ। ਹਾਲਾਂਕਿ ਇਨ੍ਹਾਂ ਮਾਡਲਾਂ ਨੂੰ ਕਿੱਥੇ ਤੇ ਕਿਵੇਂ ਵਰਤਿਆ ਗਿਆ, ਇਸ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ ਹੈ। ‘ਮੀਡੀਆ ਪਾਰਟ’ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਮਾਡਲ ਬਣਾਉਣ ਦਾ ਕੰਮ ਕਥਿਤ ਤੌਰ ‘ਤੇ ਭਾਰਤੀ ਕੰਪਨੀ ਡੈਫਸਿਸ ਸੋਲਿਊਸ਼ਨ ਨੂੰ ਦਿੱਤਾ ਗਿਆ ਸੀ। ਇਹ ਕੰਪਨੀ ਭਾਰਤ ‘ਚ ਡੈਸੋ ਦੀ ਸਬ-ਕਾਂਟਰੈਕਟਰ ਕੰਪਨੀ ਹੈ। ਇਸ ਦੀ ਮਲਕੀਅਤ ਰੱਖਣ ਵਾਲੇ ਪਰਿਵਾਰ ਨਾਲ ਜੁੜੇ ਸੁਸ਼ੇਣ ਗੁਪਤਾ ਰੱਖਿਆ ਸੌਦਿਆਂ ‘ਚ ਵਿਚੋਲੀਏ ਰਹੇ ਅਤੇ ਡੈਸੋ ਦੇ ਏਜੰਟ ਵੀ।

ਸੁਸ਼ੇਣ ਗੁਪਤਾ ਨੂੰ ਅਗਸਤਾ-ਵੈਸਟਲੈਂਡ ਹੈਲੀਕਾਪਟਰ ਖਰੀਦ ਘੁਟਾਲੇ ਦੀ ਜਾਂਚ ਦੇ ਸਬੰਧ ‘ਚ ਸਾਲ 2019 ਵਿੱਚ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫ਼ਤਾਰ ਕੀਤਾ ਸੀ। ‘ਮੀਡੀਆ ਪਾਰਟ’ ਅਨੁਸਾਰ ਸੁਸ਼ੇਣ ਗੁਪਤਾ ਨੇ ਹੀ ਡੈਸੋ ਐਵੀਏਸ਼ਨ ਨੂੰ ਮਾਰਚ 2017 ‘ਚ ਰਾਫ਼ੇਲ ਮਾਡਲ ਬਣਾਉਣ ਦਾ ਬਿੱਲ ਦਿੱਤਾ ਸੀ।

ਕੋਈ ਵੀ ਨਹੀਂ ਦੱਸ ਰਿਹਾ ਕਿ ਰਾਫ਼ੇਲ ਜਹਾਜ਼ ਦੀ ਕੀਮਤ ਕਿੰਨੀ ਹੈ? : ਸੁਰਜੇਵਾਲਾ
ਕਾਂਗਰਸ ਨੇ ਇਸ ਖੁਲਾਸੇ ਤੋਂ ਬਾਅਦ ਮੋਦੀ ਸਰਕਾਰ ਉੱਤੇ ਹਮਲਾ ਬੋਲਿਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇਸ ਸੌਦੇ ਦੀ ਸੱਚਾਈ ਹੁਣ ਸਾਹਮਣੇ ਆ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਹਿੰਦੇ ਸਨ ਕਿ ਇਹ ਡੀਲ ਸਰਕਾਰ ਤੋਂ ਸਰਕਾਰ ਵਿਚਾਲੇ ਹੈ, ਤਾਂ ਫਿਰ ਉਸ ‘ਚ ਹੁਣ ਵਿਚੋਲਾ ਕਿੱਥੋਂ ਆ ਗਿਆ। ਇਸ ਦੇ ਨਾਲ ਹੀ ਸੁਰਜੇਵਾਲਾ ਨੇ ਕਿਹਾ ਕਿ ਸਰਕਾਰ ਕੈਗ, ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਸੰਸਦ, ਭਾਜਪਾ ਵਿੱਚੋਂ ਕੋਈ ਵੀ ਨਹੀਂ ਦੱਸ ਰਿਹਾ ਕਿ ਰਾਫ਼ੇਲ ਜਹਾਜ਼ ਦੀ ਕੀਮਤ ਕੀ ਹੈ?
ਰਣਦੀਪ ਸੁਰਜੇਵਾਲਾ ਨੇ ਕਿਹਾ, “60 ਹਜ਼ਾਰ ਕਰੋੜ ਰੁਪਏ ਦੇ ਰਾਫ਼ੇਲ ਨਾਲ ਜੁੜੇ ਰੱਖਿਆ ਸੌਦੇ ਨਾਲ ਸਬੰਧਤ ਮਾਮਲੇ ਦੀ ਸੱਚਾਈ ਹੁਣ ਸਾਹਮਣੇ ਆ ਗਈ ਹੈ। ਇਹ ਅਸੀਂ ਨਹੀਂ, ਸਗੋਂ ਫ਼ਰਾਂਸ ਦੀ ਇੱਕ ਏਜੰਸੀ ਨੇ ਇੰਕਸ਼ਾਫ਼ ਕੀਤਾ ਹੈ। ਕਮਿਸ਼ਨਖੋਰੀ ਤੇ ਵਿਚੋਲੇ ਦੀ ਇੱਕ ਕਹਾਣੀ ਸਾਹਮਣੇ ਆਈ ਹੈ। 60 ਹਜ਼ਾਰ ਕਰੋੜ ਰੁਪਏ ਦੇ ਰਾਫ਼ੇਲ ਜੰਗੀ ਹਵਾਈ ਜਹਾਜ਼ ਖ਼ਰੀਦਣ ਦਾ ਐਲਾਨ ਕੀਤਾ ਗਿਆ, ਨਾ ਕੋਈ ਟੈਂਡਰ ਨਾ ਕੋਈ ਸੂਚਨਾ ਜਿਵੇਂ ਕੇਲੇ ਤੇ ਸੇਬ ਖ਼ਰੀਦਣੇ ਹੋਣ।” ਸੁਰਜੇਵਾਲਾ ਨੇ ਕਿਹਾ ਕਿ ਇਸ ਨੂੰ ‘ਗਿਫ਼ਟ ਟੂ ਕਲਾਇੰਟ’ ਦਾ ਨਾਂ ਦੇ ਦਿੱਤਾ ਗਿਆ। ਜੇ ਇਹ ਮਾਡਲ ਬਣਾਉਣ ਦੇ ਪੈਸੇ ਸਨ, ਤਾਂ ਇਹ ਨਾਂ ਕਿਉਂ ਦਿੱਤਾ ਗਿਆ। ਇਸ ਲਈ ਕਿਉਂ ਇਹ ਲੁਕਵੇਂ ਲੈਣ-ਦੇਣ ਦਾ ਹਿੱਸਾ ਸੀ। ਜਿਸ ਕੰਪਨੀ ਨੂੰ ਇਹ ਪੈਸੇ ਦਿੱਤੇ ਗਏ, ਉਹ ਮਾਡਲ ਬਣਾਉਂਦੀ ਹੀ ਨਹੀਂ ਹੈ।