Home ਤਾਜ਼ਾ ਖਬਰਾਂ ਫ਼ਿਲਮ ਦੀ ਸ਼ੂਟਿੰਗ ਲਈ ਰਾਜਸਥਾਨ ਪਹੁੰਚੀ ਕੰਗਨਾ ਨੂੰ ਕਿਸਾਨਾਂ ਨੇ ਕਾਲੇ ਝੰਡੇ ਵਿਖਾਏ

ਫ਼ਿਲਮ ਦੀ ਸ਼ੂਟਿੰਗ ਲਈ ਰਾਜਸਥਾਨ ਪਹੁੰਚੀ ਕੰਗਨਾ ਨੂੰ ਕਿਸਾਨਾਂ ਨੇ ਕਾਲੇ ਝੰਡੇ ਵਿਖਾਏ

0
ਫ਼ਿਲਮ ਦੀ ਸ਼ੂਟਿੰਗ ਲਈ ਰਾਜਸਥਾਨ ਪਹੁੰਚੀ ਕੰਗਨਾ ਨੂੰ ਕਿਸਾਨਾਂ ਨੇ ਕਾਲੇ ਝੰਡੇ ਵਿਖਾਏ

ਚੁਰੂ, 19 ਮਾਰਚ (ਹਮਦਰਦ ਨਿਊਜ਼ ਸਰਵਿਸ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਫ਼ਿਲਮ ‘ਤੇਜਸ’ ਦੀ ਸ਼ੂਟਿੰਗ ਲਈ ਵੀਰਵਾਰ ਨੂੰ ਰਾਜਸਥਾਨ ਦੇ ਚੁਰੂ ਦੇ ਰਤਨਗੜ੍ਹ ਇਲਾਕੇ ‘ਚ ਪਹੁੰਚੀ। ਇਥੋਂ ਦੇ ਕਿਸਾਨਾਂ ਨੇ ਕੰਗਨਾ ਰਨੌਤ ਦਾ ਸਖ਼ਤ ਵਿਰੋਧ ਕੀਤਾ। ਕਿਸਾਨਾਂ ਨੇ ਕੰਗਨਾ ਰਨੌਤ ਨੂੰ ਕਾਲੇ ਝੰਡੇ ਵਿਖਾ ਕੇ ਆਪਣਾ ਵਿਰੋਧ ਦਰਜ ਕਰਵਾਇਆ। ਕਿਸਾਨਾਂ ਦੀ ਗਿਣਤੀ ਜ਼ਿਆਦਾ ਸੀ, ਇਸ ਲਈ ਪੁਲਿਸ ਨੂੰ ਇਨ੍ਹਾਂ ਨੂੰ ਕਾਬੂ ਕਰਨ ਲਈ ਸਖ਼ਤ ਮਿਹਨਤ ਕਰਨੀ ਪਈ।
ਕੰਗਨਾ ਰਨੌਤ ਨੂੰ ਕਿਸਾਨ ਵਿਰੋਧੀ ਦੱਸਦਿਆਂ ਕਾਲੇ ਝੰਡੇ ਵਿਖਾਏ ਗਏ। ਦੱਸ ਦਈਏ ਕਿ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਬਾਰੇ ਕਈ ਟਵੀਟ ਕੀਤੇ ਸਨ, ਜਿਸ ‘ਤੇ ਕਿਸਾਨਾਂ ਅਤੇ ਹੋਰਨਾਂ ਨੇ ਇਤਰਾਜ਼ ਜਤਾਇਆ ਸੀ। ਇਨ੍ਹਾਂ ਟਵੀਟਾਂ ਤੋਂ ਬਾਅਦ ਕੰਗਨਾ ਕਿਸਾਨਾਂ ਦੇ ਨਿਸ਼ਾਨੇ ‘ਤੇ ਹੈ ਅਤੇ ਉਸ ਨੂੰ ਕਿਸਾਨ ਵਿਰੋਧੀ ਦੱਸਿਆ ਜਾ ਰਿਹਾ ਹੈ।
ਕਿਸਾਨ ਮੋਰਚੇ ਦੇ ਐਡਵੋਕੇਟ ਬਿਸਨ ਲਾਲ ਰੂਲਨੀਆ ਦੀ ਅਗਵਾਈ ‘ਚ ਪੜੀਹਾਰਾ ਹਵਾਈ ਪੱਟੀ ‘ਤੇ ਦਰਜਨਾਂ ਕਿਸਾਨਾਂ ਨੇ ਕੰਗਨਾ ਰਣੌਤ ਖ਼ਿਲਾਫ਼ ਕਾਲੇ ਝੰਡੇ ਲਹਿਰਾਏ ਅਤੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਸੀ ਕਿ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਵਿਰੁੱਧ ਇਤਰਾਜ਼ਯੋਗ ਬਿਆਨਬਾਜ਼ੀ ਕੀਤੀ ਸੀ। ਸ਼ੂਟਿੰਗ ਵਾਲੀ ਥਾਂ ਦੇ ਬਾਹਰ ਖੜ੍ਹੇ ਕਿਸਾਨਾਂ ਨੇ ਲਗਭਗ 1 ਘੰਟਾ ਕੰਗਨਾ ਵਿਰੁੱਧ ਖ਼ੂਬ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਹਵਾਈ ਪੱਟੀ ਦਾ ਮੁੱਖ ਦਰਵਾਜਾ ਸੁਰੱਖਿਆ ਕਰਮਚਾਰੀਆਂ ਨੇ ਬੰਦ ਕਰ ਦਿੱਤਾ। ਨਾਲ ਹੀ ਪੁਲਿਸ ਕਰਮਚਾਰੀ ਵੀ ਮੌਕੇ ‘ਤੇ ਤਾਇਨਾਤ ਕੀਤੇ ਸਨ। ਐਡਵੋਕੇਟ ਰੂਲਨੀਆ ਨੇ ਦੱਸਿਆ ਕਿ ਜਦੋਂ ਤਕ ਸ਼ੂਟਿੰਗ ਚਲੇਗੀ, ਰੋਜ਼ਾਨਾ ਕਾਲੇ ਝੰਡੇ ਵਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
ਕੰਗਨਾ ਆਪਣੀ ਫ਼ਿਲਮ ‘ਤੇਜਸ’ ਦੀ ਸ਼ੂਟਿੰਗ ਲਈ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰ ਰਹੀ ਹੈ। ਇਹ ਪਹਿਲਾ ਮੌਕਾ ਹੈ ਜਦੋਂ ਕੰਗਨਾ ਵਿਰੁੱਧ ਆਪਣਾ ਰੋਸ ਜ਼ਾਹਰ ਕਰਨ ਲਈ ਕਿਸਾਨ ਸੜਕਾਂ ‘ਤੇ ਉਤਰੇ। ਦੱਸ ਦੇਈਏ ਕਿ ਕੰਗਨਾ ਨੇ ਟਵੀਟ ਕਰਕੇ ਕਿਸਾਨਾਂ ਦੀ ਤੁਲਨਾ ਅੱਤਵਾਦੀਆਂ ਨਾਲ ਕੀਤੀ ਸੀ। ਹਾਲਾਂਕਿ ਬਾਅਦ ‘ਚ ਉਸ ਨੇ ਟਵੀਟ ਨੂੰ ਡਿਲੀਟ ਕਰ ਦਿੱਤਾ ਸੀ।
ਇਸ ਟਵੀਟ ਬਾਰੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਟਿਆਲਾ ਹਾਊਸ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਕੰਗਨਾ ਦੇ ਇਤਰਾਜ਼ਯੋਗ ਟਵੀਟ ਕਾਰਨ ਕਿਸਾਨਾਂ, ਖ਼ਾਸਕਰ ਸਿੱਖ ਭਾਈਚਾਰੇ ਦੇ ਅਕਸ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਦਿੱਲੀ ਪੁਲਿਸ ਨੂੰ ਧਾਰਾ 156 ਤਹਿਤ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ ਜਾਣੇ ਚਾਹੀਦੇ ਹਨ।
‘ਤੇਜਸ’ ਫ਼ਿਲਮ ‘ਚ ਕੰਗਨਾ ਇਕ ਏਅਰਫ਼ੋਰਸ ਅਧਿਕਾਰੀ ਦੀ ਭੂਮਿਕਾ ਨਿਭਾ ਰਹੀ ਹੈ। ਇਸ ਤੋਂ ਇਲਾਵਾ ਕੰਗਨਾ ਰਨੌਤ ਦੀ ਫ਼ਿਲਮ ‘ਥਲਾਇਵੀ ਵੀ ਛੇਤੀ ਹੀ ਸਿਨੇਮਾ ਘਰਾਂ ‘ਚ ਨਜ਼ਰ ਆਵੇਗੀ। ਇਹ ਫ਼ਿਲਮ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਜੀਵਨ ‘ਤੇ ਅਧਾਰਤ ਹੈ। ਇਸ ਫ਼ਿਲਮ ‘ਚ ਕੰਗਨਾ ਜੈਲਲਿਤਾ ਦਾ ਕਿਰਦਾਰ ਨਿਭਾਏਗੀ। ਇਸ ਤੋਂ ਇਲਾਵਾ ਕੰਗਨਾ ‘ਧਾਕੜ’ ਫ਼ਿਲਮ ‘ਚ ਕੰਮ ਕਰਨ ਜਾ ਰਹੀ ਹੈ ਅਤੇ ਉਸ ਦੇ ਨਾਲ ਅਦਾਕਾਰ ਅਰਜੁਨ ਰਾਮਪਾਲ ਵੀ ਇਸ ਫ਼ਿਲਮ ‘ਚ ਇਕ ਅਹਿਮ ਭੂਮਿਕਾ ਨਿਭਾਉਣਗੇ।