
ਕਾਨਪੁਰ, 3 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਭਾਰਤ ‘ਚ ਦੁਨੀਆ ਦਾ ਸਭ ਤੋਂ ਵੱਡਾ ਕੋਰੋਨਾ ਟੀਕਾਕਰਨ ਪ੍ਰੋਗਰਾਮ ਚੱਲ ਰਿਹਾ ਹੈ। ਇਸ ਮੁਹਿੰਮ ਤਹਿਤ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕੇ ਲਗਾਏ ਜਾ ਰਹੇ ਹਨ। ਸਰਕਾਰੀ ਹਸਪਤਾਲਾਂ ‘ਚ ਕੋਰੋਨਾ ਟੀਕੇ ਮੁਫ਼ਤ ਲਗਾਏ ਜਾ ਰਹੇ ਹਨ ਅਤੇ ਕੁਝ ਨਿੱਜੀ ਹਸਪਤਾਲਾਂ ‘ਚ ਵੀ ਇਹ ਟੀਕੇ ਘੱਟ ਕੀਮਤ ‘ਚ ਲਗਾਏ ਜਾ ਰਹੇ ਹਨ। ਸ਼ੁੱਕਰਵਾਰ ਨੂੰ ਕਾਨਪੁਰ ਤੋਂ ਕੋਰੋਨਾ ਟੀਕੇ ਨਾਲ ਜੁੜਿਆ ਇਕ ਅਨੌਖਾ ਮਾਮਲਾ ਸਾਹਮਣੇ ਆਇਆ। ਦਰਅਸਲ, ਉੱਤਰ ਪ੍ਰਦੇਸ਼ ਦੇ ਕਾਨਪੁਰ ਦਿਹਾਤੀ ‘ਚ ਮਹਿਲਾ ਨਰਸ ਨੇ ਗਲਤੀ ਨਾਲ ਇਕ ਔਰਤ ਨੂੰ ਦੋ ਵਾਰ ਕੋਰੋਨਾ ਦਾ ਟੀਕਾ ਲਗਾ ਦਿੱਤਾ।
ਲਾਪਰਵਾਹੀ ਦਾ ਇਹ ਮਾਮਲਾ ਕਾਨਪੁਰ ਦਿਹਾਤੀ ਦੇ ਮੜੌਲੀ ਇਲਾਕੇ ‘ਚ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਕਮਲੇਸ਼ ਦੇਵੀ ਮੜੌਲੀ ਦੇ ਮੁੱਢਲੇ ਸਿਹਤ ਕੇਂਦਰ ‘ਚ ਕੋਰੋਨਾ ਟੀਕਾ ਲਗਵਾਉਣ ਗਈ ਸੀ। ਇੱਥੇ ਫ਼ੋਨ ‘ਤੇ ਗੱਲ ਕਰ ਰਹੀ ਇਕ ਨਰਸ ਨੇ ਕਮਲੇਸ਼ ਦੇਵੀ ਨੂੰ ਗਲਤੀ ਨਾਲ ਦੋ ਵਾਰ ਕੋਰੋਨਾ ਦਾ ਟੀਕਾ ਲਗਾ ਦਿੱਤਾ। ਜਦੋਂ ਕਮਲੇਸ਼ ਨੇ ਦੂਜੀ ਵਾਰ ਟੀਕਾ ਲਗਾਉਣ ਦਾ ਕਾਰਨ ਪੁੱਛਿਆਂ ਤਾਂ ਨਰਸ ਹੈਰਾਨ ਰਹਿ ਗਈ ਅਤੇ ਉਸ ਨੇ ਆਪਣੀ ਗਲਤੀ ਮੰਨ ਲਈ। ਕਮਲੇਸ਼ ਦੇ ਪਰਿਵਾਰ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਹ ਗੁੱਸੇ ‘ਚ ਆ ਗਏ।
ਕਮਲੇਸ਼ ਦੇਵੀ ਨੇ ਦੱਸਿਆ, “ਨਰਸ ਆਪਣੇ ਮੋਬਾਈਲ ‘ਤੇ ਕਿਸੇ ਨਾਲ ਵੀ ਗੱਲ ਕਰਨ ਲਈ ਰੁੱਝੀ ਹੋਈ ਸੀ। ਫ਼ੋਨ ‘ਤੇ ਗੱਲ ਕਰਦਿਆਂ ਉਸ ਨੇ ਮੈਨੂੰ ਟੀਕਾ ਲਗਾ ਦਿੱਤਾ। ਟੀਕਾ ਲੱਗਣ ਮਗਰੋਂ ਮੈਂ ਉੱਥੇ ਹੀ ਬੈਠੀ ਰਹੀ ਅਤੇ ਨਰਸ ਨੇ ਮੈਨੂੰ ਉੱਥੋਂ ਹਟਣ ਲਈ ਨਹੀਂ ਕਿਹਾ। ਗੱਲ ਕਰਦੇ-ਕਰਦੇ ਉਹ ਭੁੱਲ ਗਈ ਕਿ ਮੈਨੂੰ ਟੀਕਾ ਲੱਗ ਚੁੱਕਾ ਹੈ ਅਤੇ ਉਸ ਨੇ ਦੂਜੀ ਵਾਰ ਵੀ ਮੈਨੂੰ ਟੀਕਾ ਲਗਾ ਦਿੱਤਾ। ਇਸ ਮਗਰੋਂ ਮੈਂ ਪੁੱਛਿਆ ਕੀ ਦੋ ਵਾਰ ਟੀਕਾ ਲਗਾਇਆ ਜਾਂਦਾ ਹੈ। ਇਸ ‘ਤੇ ਉਸ ਨੇ ਕਿਹਾ ਨਹੀਂ, ਸਿਰਫ਼ ਇਕ ਵਾਰ। ਫਿਰ ਮੈਂ ਕਿਹਾ ਕਿ ਤੁਸੀਂ ਤਾਂ ਮੈਨੂੰ ਦੋ ਵਾਰ ਟੀਕਾ ਲਗਾ ਦਿੱਤਾ। ਇਸ ‘ਤੇ ਨਰਸ ਗੁੱਸੇ ‘ਚ ਆ ਗਈ ਅਤੇ ਮੈਨੂੰ ਕਹਿਣ ਲੱਗੀ ਕਿ ਤੁਸੀ ਇੱਥੋਂ ਕਿਉਂ ਨਹੀਂ ਗਏ। ਮੈਂ ਕਿਹਾ ਕਿ ਤੁਸੀਂ ਮੈਨੂੰ ਜਾਣ ਲਈ ਨਹੀਂ ਕਿਹਾ, ਇਸ ਲਈ ਮੈਂ ਨਹੀਂ ਗਈ।”
ਇਸ ਮਗਰੋਂ ਕਮਲੇਸ਼ ਦੇਵੀ ਨੂੰ ਇਕ ਘੰਟੇ ਲਈ ਨਿਗਰਾਨੀ ‘ਚ ਰੱਖਿਆ ਗਿਆ। ਵਧੀਆ ਗੱਲ ਇਹ ਹੈ ਕਿ ਔਰਤ ਨੂੰ ਇਸ ਦੌਰਾਨ ਕੋਈ ਸਮੱਸਿਆ ਨਹੀਂ। ਇਸ ਮਾਮਲੇ ਦੀ ਜਾਣਕਾਰੀ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ।