
ਮਨੀਲਾ, 25 ਜੁਲਾਈ, ਹ.ਬ. : ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਦੀ ਇੱਕ ਯੂਨੀਵਰਸਿਟੀ ਵਿਚ ਐਤਵਾਰ ਨੂੰ ਉਸ ਦੇ ਹੀ ਸਾਬਕਾ ਸਟੂਡੈਂਟ ਨੇ ਯੂਨੀਵਰਸਿਟੀ ਕੈਂਪਸ ਵਿੱਚ ਫਾਇਰਿੰਗ ਕਰ ਦਿੱਤੀ। ਘਟਨਾ ਵਿੱਚ ਮਹਿਲਾ ਸਾਬਕਾ ਮੇਅਰ ਸਮੇਤ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ। ਪਿਸਤੌਲਾਂ ਨਾਲ ਲੈਸ ਹਮਲਾਵਰ ਨੂੰ ਕਿਊਜ਼ਨ ਸਿਟੀ ਵਿੱਚ ਅਟੇਨੀਓ ਡੀ ਮਨੀਲਾ ਯੂਨੀਵਰਸਿਟੀ ਦੇ ਗੇਟ ਨੇੜੇ ਗੋਲੀਬਾਰੀ ਤੋਂ ਬਾਅਦ ਕਾਬੂ ਕਰ ਲਿਆ ਗਿਆ। ਰਾਸ਼ਟਰਪਤੀ ਰੋਮੁਆਡੇਜ਼ ਨੇ ਘਟਨਾ ਦੀ ਨਿੰਦਾ ਕੀਤੀ ਹੈ।
ਪੁਲਿਸ ਮੁਤਾਬਕ ਮੁਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਆਪਸੀ ਰੰਜਿਸ਼ ਦਾ ਮਾਮਲਾ ਹੈ। ਹਾਲਾਂਕਿ ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਮੁਲਜ਼ਮ ਦੇ ਨਿਸ਼ਾਨੇ ’ਤੇ ਅਸਲ ਵਿਚ ਕੌਣ ਸੀ।
ਪੁਲਿਸ ਮੁਤਾਬਕ ਹਮਲਾਵਰ ਦਾ ਨਾਂ ਡਾਕਟਰ ਚਾਓ ਹੈ। ਉਸ ਦੀ ਉਮਰ 38 ਸਾਲ ਹੈ। ਉਸ ਨੇ ਇਸੇ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕੀਤੀ ਹੈ ਅਤੇ ਫਿਲਹਾਲ ਉਹ ਪ੍ਰਾਈਵੇਟ ਪ੍ਰੈਕਟਿਸ ਕਰਦਾ ਹੈ। ਮੁਲਜ਼ਮ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਲੋਕਲ ਕੋਰਟ ਵਿਚ ਪੇਸ਼ ਕੀਤਾ ਗਿਆ। ਪੁਲਿਸ ਨੂੰ ਉਸ ਦਾ ਰਿਮਾਂਡ ਮਿਲ ਗਿਆ ਹੈ।