ਬਰੈਂਪਟਨ ਦੀ ਫਲੀ ਮਾਰਕਿਟ ਨੂੰ ਲੈ ਕੇ ਪਿਆ ਰੌਲਾ : ਬਿਨ੍ਹਾਂ ਨੋਟਿਸ ਦੇ ਕੀਤੀ ਬੰਦ, ਦੁਕਾਨਦਾਰ ਰਹੇ ਬਾਹਰ

ਬਰੈਂਪਟਨ : ਜਿਥੇ ਇਕ ਪਾਸੇ ਸੂਬੇ ਵਿੱਚ ਲੌਕਡਾਊਨ ਹੈ ਤਾਂ ਉੱਥੇ ਹੀ ਇਹਨਾਂ ਗੱਲਾਂ ਨੂੰ ਲੈ ਕੇ ਵੀ ਬਹੁਤ ਭੰਬਲਭੂਸਾ ਬਣਿਆ ਹੋਇਆ ਹੈ ਕਿ ਲੌਕਡਾਊਨ ਦੇ ਦੌਰਾਨ ਕੀ ਖੁੱਲ੍ਹਾ ਹੈ ਤੇ ਕੀ ਬੰਦ। ਅਜਿਹੇ ਹੀ ਹਾਲਾਤਾਂ ਦਾ ਸ਼ਿਕਾਰ ਹੋਈ ਬਰੈਂਪਟਨ ਦੀ 747 ਫਲੀ ਮਾਰਕਿਟ ਜੋ ਸਟੀਲਸ ਐਵਨਿਊ ਈਸਟ ਅਤੇ ਏਅਰਪੋਰਟ ਰੋਡ ਇੰਟਰਸੈਕਸ਼ਨ ਤੇ ਸਥਿਤ ਫਲੀ ਮਾਰਕਿਟ ਜੋ ਹਰ ਸ਼ਨੀਵਾਰ ਅਤੇ ਐਤਵਾਰ ਖੁੱਲ੍ਹਦੀ ਹੈ। ਪਰ ਇਸ ਵਾਰ ਸੂਬੇ ਵਿੱਚ ਲੌਕਡਾਊਨ ਹੋਣ ਦੀ ਖਬਰ ਦੇ ਬਾਵਜੂਦ ਫਲੀ ਮਾਰਕਿਟ ਵੱਲੋਂ ਵੀਰਵਾਰ ਨੂੰ ਇਹ ਐਲਾਨ ਕੀਤਾ ਗਿਆ ਸੀ ਕਿ ਇਸ ਵੀਕਐਂਡ ਮਾਰਕਿਟ ਖੁੱਲ੍ਹੀ ਰਹੇਗੀ।

Video Ad

ਪਰ ਜਦ ਉਹ ਸ਼ਨੀਵਾਰ ਸਵੇਰੇ 9 ਵਜੇ ਮਾਰਕਿਟ ਦੇ ਖੁੱਲ੍ਹਣ ਦੇ ਸਮੇਂ ਪੁੱਜੇ ਤਾਂ ਮਾਰਕਿਟ ਦੇ ਦਰਵਾਜੇ ਬੰਦ ਪਏ ਸਨ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਮਾਰਕਿਟ ਬੰਦ ਕਰਨ ਦੇ ਬਾਰੇ ਵਿੱਚ ਨਾ ਤਾਂ ਕੋਈ ਕਾਰਨ ਦੱਸਿਆ ਗਿਆ ਅਤੇ ਨਾ ਹੀ ਇਸ ਬਾਰੇ ਜਾਣਕਾਰੀ ਦਿੱਤੀ ਗਈ ਜਦਕਿ ਉਹ ਸਵੇਰੇ 9 ਵਜੇ ਦੇ ਆਏ ਬੈਠੇ ਹਨ। ਉਹਨਾਂ ਦਾ ਕਹਿਣਾ ਸੀ ਕਿ ਜੇਕਰ ਸੂਬੇ ਵਿੱਚ ਸ਼ਨੀਵਾਰ ਤੋਂ ਲੌਕਡਾਊਨ ਲੱਗਣ ਹੀ ਜਾ ਰਿਹਾ ਤਾਂ ਫਿਰ ਵੱਡੇ ਵੱਡੇ ਰੀਟੇਲਰਾਂ ਅਤੇ ਸਟੋਰਾਂ ਨੂੰ ਸੀਮਤ ਸਮਰੱਥਾ ਨਾਲ ਖੁੱਲ੍ਹਣ ਦੀ ਇਜਾਜ਼ਤ ਕਿਉਂ ਦਿੱਤੀ ਗਈ ਹੈ। ਫਲੀ ਮਾਰਕਿਟ ਸਿਰਫ ਸ਼ਨੀਵਾਰ ਅਤੇ ਐਤਵਾਰ ਯਾਨਿ ਕਿ ਵੀਕਐਂਡ ਤੇ ਹੀ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਦੀ ਹੈ ਜਿੱਥੇ ਕਿ ਗਹਿਣੇ, ਕੱਪੜੇ, ਜੁੱਤੇ, ਕੌਸਮੈਟਿਕ, ਫਰਨੀਚਰ, ਘਰ ਦੀ ਸਜਾਵਟ, ਇਲੈਕਟ੍ਰਾਨਿਕ, ਖਾਣ ਪੀਣ ਤੋਂ ਇਲਾਵਾ ਹੋਰ ਵੀ ਬਹੁਤ ਸਮਾਨ ਇੱਕ ਹੀ ਛੱਤ ਹੇਠ ਮਿਲਦਾ ਹੈ। ਕੁਝ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਹ ਪਿਛਲੇ 30 ਸਾਲ ਤੋਂ ਇੱਥੇ ਆਪਣਾ ਸਮਾਨ ਵੇਚ ਰਹੇ ਹਨ। ਅਜਿਹੇ ਵਿੱਚ ਦੁਕਾਨਦਾਰਾਂ ਵਿੱਚ ਵੀ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਵੱਡੇ ਸਟੋਰਾਂ ਨੂੰ ਖੁੱਲ੍ਹਣ ਦੀ ਇਜਾਜ਼ਤ ਮਿਲ ਸਦਕੀ ਹੈ ਤਾਂ ਫਲੀ ਮਾਰਕਿਟ ਨੁੰ ਕਿਉਂ ਨਹੀਂ।

Video Ad