ਸੈਕਰਾਮੈਂਟੋ 16 ਮਾਰਚ (ਹੁਸਨ ਲੜੋਆ ਬੰਗਾ) – ਰਾਸ਼ਟਰਪਤੀ ਜੋਅ ਬਾਇਡੇਨ ਦੇ 1.9 ਟਰੀਲੀਅਨ ਡਾਲਰ ਦੇ ਕੋਰੋਨਾ ਰਾਹਤ ਪੈਕੇਜ਼ ਜਿਸ ਨੂੰ ਹਾਲ ਹੀ ਵਿਚ ਕਾਂਗਰਸ ਨੇ ਪਾਸ ਕੀਤਾ ਹੈ, ਗੈਰ ਕਾਨੂੰਨੀ ਪ੍ਰਵਾਸੀਆਂ ਦੇ ਅਮਰੀਕਾ ਵਿਚ ਪੈਦਾ ਹੋਏ ਬੱਚਿਆਂ ਲਈ ਆਸ ਦੀ ਵੱਡੀ ਕਿਰਨ ਲੈ ਕੇ ਆਇਆ ਹੈ। ਇਨਾਂ ਬੱਚਿਆਂ ਨੂੰ ਬਾਕੀ ਲੋਕਾਂ ਦੇ ਨਾਲ ਹੀ ਰਾਹਤ ਦੇ ਚੈੱਕ ਮਿਲਣ ਦੀ ਆਸ ਹੈ। ਗੈਰ ਕਾਨੂੰਨੀ ਪ੍ਰਵਾਸੀ ਜਿਨਾਂ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਹਨ, ਬੇਰੁਜ਼ਗਾਰੀ ਲਾਭ ਲੈਣ ਦੇ ਯੋਗ ਨਹੀਂ ਹਨ। ਇਸ ਲਈ ਕੋਰੋਨਾ ਕਾਰਨ ਨੌਕਰੀਆਂ ਖੁੱਸ ਜਾਣ ਕਰਕੇ ਇਹ ਪਰਿਵਾਰ ਬਹੁਤ ਹੀ ਤੰਗੀਆਂ ਤਰੁੱਟੀਆਂ ਵਿਚ ਗੁਜਾਰਾ ਕਰ ਰਹੇ ਹਨ। ਇਨਾਂ ਪਰਿਵਾਰਾਂ ਦਾ ਕੋਈ ਕਾਨੂੰਨੀ ਰੁਤਬਾ ਨਹੀਂ ਹੈ ਤੇ ਨਾ ਹੀ ਇਨਾਂ ਕੋਲ ਸੋਸ਼ਲ ਸਕਿਉਰਟੀ ਨੰਬਰ ਹੈ। ਯੇਸੇਨੀਆ ਮੋਰੇਨੋ ਨਾਮੀ ਔਰਤ ਜਿਸ ਦੇ ਅਮਰੀਕਾ ਵਿਚ ਪੈਦਾ ਹੋਏ 3 ਤੋਂ 17 ਸਾਲਾਂ ਦੀ ਉਮਰ ਦੇ 5 ਬੱਚੇ ਹਨ, ਨੇ ਇਸ ਪੈਕੇਜ਼ ਉਪਰ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਹਨੇਰੀ ਗਲੀ ਵਿਚ ਰੌਸ਼ਨੀ ਨਜਰ ਆਈ ਹੈ। ਇਹ ਪੈਸਾ ਮੇਰੇ ਸਿਰ ਚੜਿਆ ਕਰਜਾ ਲਾਹੁਣ ਵਿਚ ਮੱਦਦ ਕਰੇਗਾ। ਯੇਸੇਨੀਆ ਮੋਰੇਨੋ ਜੋ ਮੂਲ ਰੂਪ ਵਿਚ ਮੈਕਸੀਕੋ ਦੀ ਰਹਿਣ ਵਾਲੀ ਹੈ ਸਮੇਤ ਹੋਰ ਦੇਸ਼ਾਂ ਦੇ ਹਜਾਰਾਂ ਲੋਕ ਹਨ ਜੋ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ ਵਿਚ ਰਹਿ ਰਹੇ ਹਨ। ਮਾਈਗਰੇਸ਼ਨ ਪੌਲਸੀ ਇੰਸਟੀਚਿਊਟ ਵਾਸ਼ਿੰਗਟਨ ਡੀ ਸੀ ਦੇ ਇਕ ਸੀਨੀਅਰ ਨੀਤੀ ਵਿਸ਼ਲੇਸ਼ਕ ਜੁਲੀਆ ਗੈਲਟ ਨੇ ਕਿਹਾ ਹੈ ਕਿ ਇਹ ਬਿੱਲ ਜੋ ਹੁਣ ਕਾਨੂੰਨ ਦਾ ਰੂਪ ਲੈ ਚੁੱਕਾ ਹੈ, ਪਹਿਲੀ ਵਾਰ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਅਮਰੀਕੀ ਸ਼ਹਿਰੀ ਬੱਚਿਆਂ ਲਈ ਸੰਘੀ ਰਾਹਤ ਲੈ ਕੇ ਆਇਆ ਹੈ ਤੇ ਬੱਚਿਆਂ ਦੀ ਗਿਣਤੀ ਅਨੁਸਾਰ ਇਨਾਂ ਪਰਿਵਾਰਾਂ ਨੂੰ ਲਾਭ ਮਿਲੇਗਾ ਜੋ ਇਕ ਵੱਡੀ ਗੱਲ ਹੈ। ਇਹ ਪਰਿਵਾਰ ਸਮਾਜ ਸੇਵੀ ਸੰਸਥਾਵਾਂ, ਗੁਰੂ ਘਰਾਂ, ਗਿਰਜਾ ਘਰਾਂ ਤੇ ਮਿੱਤਰਾਂ-ਦੋਸਤਾਂ ਦੀ ਮੱਦਦ ਨਾਲ ਦਿਨ ਕੱਟ ਰਹੇ ਹਨ। ਲੱਗਦਾ ਹੈ ਕਿ ਹੁਣ ਇਨਾਂ ਪਰਿਵਾਰਾਂ ਦੇ ਦੁੱਖ ਤੇ ਤਕਲੀਫ਼ਾਂ ਖਤਮ ਹੋਣ ਦੇ ਦਿਨ ਨੇੜੇ ਆ ਗਏ ਹਨ।