Home ਮੰਨੋਰੰਜਨ ਬਾਬੇ ਤੁਰੀਏ ਦੇ ਤੂੰਬੇ ਦੀ ਟੁਣਕਾਰ ਸਦਾ ਕੰਨਾਂ ਚ ਗੂੰਜਦੀ ਰਹੇਗੀ

ਬਾਬੇ ਤੁਰੀਏ ਦੇ ਤੂੰਬੇ ਦੀ ਟੁਣਕਾਰ ਸਦਾ ਕੰਨਾਂ ਚ ਗੂੰਜਦੀ ਰਹੇਗੀ

0

ਪੰਜਾਬੀ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ, ਗਹਿਰਾ ਝਟਕਾ

ਵਿਸ਼ਵ ਪ੍ਰਸਿੱਧ ਗਾਇਕ ਸਤਿਕਾਰਯੋਗ ਸ਼੍ਰੀ ਕੰਨਵਰ ਗਰੇਵਾਲ ਦੇ ਸੰਗੀਤ ਗਰੁੱਪ ਦੇ ਬਹੁਤ ਸਤਿਕਾਰਯੋਗ ਰਿਦਮ ਉਸਤਾਦ ਬਾਬਾ ਤੁਰੀਆ ਜੀ (ਨਿਰਮਲ ਸਿੰਘ ਭੜਕੀਲਾ) ਆਪਣੇ ਸਰੋਤਿਆਂ, ਦਰਸ਼ਕਾਂ, ਪ੍ਰਸੰਸਕਾ ਅਤੇ ਉਪਾਸ਼ਕਾਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਇਹ ਗੌਰਵਮਈ ਫਨਕਾਰ ਸੰਨ 1980 ਦੇ ਦਹਾਕੇ ਵਿੱਚ ਪੰਜਾਬੀ ਸੰਗੀਤ ਜਗਤ ਵਿਚ ਇਕ ਗਾਇਕ ਤੌਰ ਮਕਬੂਲ ਹੋਇਆ ਸੀ। ਇਸ ਦਾ ਇਕ ਗੀਤ ਉਸ ਸਮੇਂ ਬਹੁਤ ਹਿੱਟ ਹੋਇਆ ਸੀ, ਜੋ ਵਿਸ਼ਵ ਪ੍ਰਸਿੱਧ ਸੁਰੀਲੀ ਗਾਇਕਾ ਸਤਿਕਾਰਯੋਗ ਸ਼੍ਰੀਮਤੀ ਅਨੀਤਾ ਸਮਾਣਾ ਜੀ ਨਾਲ ਦੋਗਾਣਾ ਸਰੋਤਿਆਂ ਦੇ ਰੂਬਰੂ ਹੋਇਆ ਸੀ। ਪਰ ਇਹ ਗਾਇਕ ਹੋਣ ਦੇ ਬਾਵਜੂਦ ਵੀ ਗਾਇਕਾ ਦੀ ਮਾਰਕੀਟ ਵਿੱਚ ਟਿੱਕ ਨਹੀਂ ਸਕਿਆ, ਪਰ ਗਾਇਕ ਕਲਾਕਾਰਾਂ ਦੇ ਬਰਾਬਰ ਬਾਬਾ ਤੂੰਬੇ ਵਾਲਾ ਬਣ ਚੋਖਾ ਸਤਿਕਾਰ ਅਤੇ ਸਨਮਾਨ ਹਾਸਲ ਕਰ ਗਿਆ। ਇਨ੍ਹਾਂ ਨੇ ਹੋਰ ਵੀ ਕਈ ਗਾਇਕਾ ਦੀ ਰਿਕਾਰਡਿੰਗ ਵਿੱਚ ਆਪਣੇ ਪੋਟਿਆਂ ਦੇ ਜੌਹਰ ਦਿਖਾਏ ਹਨ। ਲੁਧਿਆਣੇ ਦੇ ਸੰਗੀਤ ਉਸਤਾਦ ਸਤਿਕਾਰਯੋਗ ਜੰਗਾ ਕੈਂਥ ਜੀ ਕੋਲ ਇਨ੍ਹਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਸੀ। ਉਨ੍ਹਾਂ ਦੇ ਸਟੂਡੀਓ ਵਿੱਚ ਕਈਆ ਦੇ ਗੀਤਾਂ ਵਿੱਚ ਆਪਣੀ ਵਿਲੱਖਣ ਕਲਾ ਦਾ ਪ੍ਰਦਰਸ਼ਨ ਕਰਦੇ ਰਹਿੰਦੇ ਸਨ। ਸਤਿਕਾਰਯੋਗ ਸ਼੍ਰੀ ਸੁਰਿੰਦਰ ਸੇਠੀ ਜੀ ਅਤੇ ਮਨਜਿੰਦਰ ਤਨੇਜਾ ਜੀ (ਫਾਜ਼ਿਲਕਾ ਵਾਲੇ) ਸੰਚਾਲਕ ਤਨੇਜਾ ਸੰਗੀਤ ਐਕਡਮੀ ਫਾਜ਼ਿਲਕਾ ਵਾਲੇ ਤਾਂ ਇਥੇ ਤੱਕ ਕਹਿੰਦੇ ਹਨ ਕਿ ਬਾਬਾ ਤੁਰੀਆਂ ਜੀ ਦੋਗਾਣਿਆਂ ਦੇ ਸੁਪਰਸਟਾਰ ਸਤਿਕਾਰਯੋਗ ਸ੍ਰੀ ਮੁਹੰਮਦ ਸਦੀਕ ਜੀ ਦਾ ਭੁਲੇਖਾ ਪਾਉਂਦਾ ਸੀ। ਇਹ ਮਹਾਨ ਗੌਰਵਮਈ ਸ਼ਖ਼ਸੀਅਤ ਬੀਤੇ ਸਮੇਂ ਇਕ ਭਿਆਨਕ ਅਟੈਕ ਦੀ ਮਾਰ ਵਿੱਚ ਆ ਗਈ ਸੀ, ਜਿਸ ਦਾ ਇਲਾਜ ਚੱਲ ਰਿਹਾ ਸੀ, ਜ਼ਿੰਦਗੀ ਤਰਸਯੋਗ ਹੋ ਗਈ ਸੀ। ਉਹ ਸਾਹਬ ਦਾਸ ਬਿਰਧਘਰ ਘਰਾਚੋਂ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸਨ। ਆਪਣੇ ਪ੍ਰਸ਼ੰਸਕਾਂ ਦੀਆਂ ਦੁਆਵਾਂ ਸਦਕਾ ਉਹ ਠੀਕ ਹੋਕੇ ਆਪਣੇ ਘਰ ਵਾਪਸ ਚਲੇ ਵੀ ਗਏ ਸਨ। ਸੈਂਕੜੇ ਗੀਤਾਂ ਵਿੱਚ ਆਪਣਾ ਸੰਗੀਤ ਦੇਣ ਵਾਲਾ ਤੂੰਬੇ ਦਾ ਬਾਦਸ਼ਾਹ ਨਿਰਮਲ ਤੁਰੀਆ ਨੂੰ ਅਧਰੰਗ ਹੋਣ ਕਾਰਨ ਉਸ ਦਾ ਖੱਬਾ ਪਾਸਾ ਖੜ੍ਹ ਗਿਆ ਸੀ। ਬਾਬਾ ਜੀ ਬਿਮਾਰੀ ਨਾਲ ਲੰਮਾ ਸਮਾਂ ਜੂਝਦੇ ਰਹੇ ਅਤੇ ਆਖਰ “ਡਾਢੇ ਹੱਥ ਡੋਰ ਨਸੀਬਾਂ ਦੀ, ਕੋਈ ਵਸ ਨਾ ਚਲਦਾ ਮੁਹੰਮਦਾ ਮੇਰੇ” ਇਹ ਹਰਫਨਮੌਲਾ ਫ਼ੱਕਰ ਰੂਹ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ। ਪੰਜਾਬੀ ਸੰਗੀਤ ਜਗਤ ਵਿੱਚ ਇਸ ਮਾਣਮੱਤੇ ਉਸਤਾਦ ਵਲੋਂ ਪਾਇਆ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਨ੍ਹਾਂ ਦੇ ਵਫਾਤ ਪਾ ਜਾਣ ਦੀ ਖ਼ਬਰ ਨਾਲ਼ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਇੱਕ ਸੋਗ ਦੀ ਦੌੜ ਆਈ ਹੈ। ਇਨ੍ਹਾਂ ਦੀਆਂ ਸੂਫ਼ੀ ਗਾਇਕ ਸਤਿਕਾਰਯੋਗ ਸ੍ਰੀ ਕੰਨਵਰ ਗਰੇਵਾਲ ਜੀ ਨਾਲ ਲਾਈਵ ਸਟੇਜਾਂ ਹਮੇਸ਼ਾ ਯਾਦ ਰਹਿਣਗੀਆ। ਅਜੋਕੇ ਸਮੇਂ ਇਸ ਫਨਕਾਰ ਨੇ ਆਪਣਾ ਦੌਲਤ ਖਾਨਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਨੇੜੇ ਪੰਚਕੂਲਾ ਨੇੜੇ ਇੱਕ ਪਿੰਡ ਮਾਣਕਿਆ ਵਿਖੇ ਰਖਿਆ ਹੋਇਆ ਸੀ। ਹਰਮਨ ਪਿਆਰੇ, ਹਰਦਿਲ ਅਜ਼ੀਜ਼ ਅਤੇ ਮਯਾਨਾਜ ਹਸਤੀ ‘ਇੱਕ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ, ਤੂੰਬਾ ਨਾ ਵੱਜਦਾ ਤਾਰ ਬਿਨਾ’’, ਵਰਗੇ ਮਸ਼ਹੂਰ ਗੀਤਾਂ ਵਿੱਚ ਤੂੰਬੇ ਨਾਲ ਰੰਗ ਜਮਾਉਣ ਵਾਲੇ ਕਲਾਕਾਰ ਨਿਰਮਲ ਭੜਕੀਲਾ ਉਰਫ ਬਾਬੇ ਤੁਰੀਏ ਨੂੰ ਪ੍ਰਣਾਮ ਕਰਦੇ ਹੋਏ ਸ਼ਰਧਾਂਜਲੀ ਭੇਟ ਕਰਦੇ ਹਾਂ, ਵਾਹਿਗੁਰੂ ਜੀ ਉਹਨਾਂ ਨੂੰ ਚਰਨਾਂ ਵਿੱਚ ਨਿਵਾਸ ਦੇਣ, ਉਹਨਾਂ ਦੀਆਂ ਯਾਦਾਂ ਹਮੇਸ਼ਾ ਸਾਨੂੰ ਆਉਂਦੀਆਂ ਰਹਿਣਗੀਆਂ ਅਤੇ ਉਹਨਾਂ ਦੇ ਤੂੰਬੇ ਦੀ ਟੁਣਕਾਰ ਸਦਾ ਕੰਨਾਂ ਵਿੱਚ ਗੂੰਜਦੀ ਰਹੇਗੀ।

ਗੁਰਬਾਜ ਗਿੱਲ 98723-62507

(ਸੰਗੀਤਕ ਤੇ ਫ਼ਿਲਮੀ ਪੱਤਰਕਾਰ)