Home ਨਜ਼ਰੀਆ ਬਾਹਰੋਂ ਗੁੰਡੇ ਲਿਆ ਰਹੀ ਹੈ ਭਾਜਪਾ, ਇਸ ਵਾਰ ਬੰਗਾਲ ਤੋਂ ਬੋਲਡ ਆਊਟ ਕਰ ਦਿਓ : ਮਮਤਾ ਬੈਨਰਜੀ

ਬਾਹਰੋਂ ਗੁੰਡੇ ਲਿਆ ਰਹੀ ਹੈ ਭਾਜਪਾ, ਇਸ ਵਾਰ ਬੰਗਾਲ ਤੋਂ ਬੋਲਡ ਆਊਟ ਕਰ ਦਿਓ : ਮਮਤਾ ਬੈਨਰਜੀ

0
ਬਾਹਰੋਂ ਗੁੰਡੇ ਲਿਆ ਰਹੀ ਹੈ ਭਾਜਪਾ, ਇਸ ਵਾਰ ਬੰਗਾਲ ਤੋਂ ਬੋਲਡ ਆਊਟ ਕਰ ਦਿਓ : ਮਮਤਾ ਬੈਨਰਜੀ

ਕੋਲਕਾਤਾ, 30 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ‘ਚ ਵੋਟਿੰਗ ਦਾ ਪਹਿਲਾ ਗੇੜ ਖ਼ਤਮ ਹੋ ਗਿਆ ਹੈ। ਹੁਣ ਦੂਜੇ ਗੇੜ ਦੀ ਵੋਟਿੰਗ 1 ਅਪ੍ਰੈਲ ਨੂੰ ਹੋਵੇਗੀ। ਇਸ ਤੋਂ ਪਹਿਲਾਂ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ‘ਚ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਮੰਗਲਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੰਦੀਗ੍ਰਾਮ ‘ਚ ਰੋਡ ਸ਼ੋਅ ਕਰਕੇ ਭਾਜਪਾ ਉੱਤੇ ਜ਼ੋਰਦਾਰ ਹਮਲਾ ਕੀਤਾ। ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਬੰਗਾਲ ‘ਚ ਗੁੰਡਿਆਂ ਨੂੰ ਬਾਹਰੋਂ ਲਿਆ ਕੇ ਹਿੰਸਾ ਕਰ ਰਹੀ ਹੈ। ਇਸ ਵਾਰ ਭਾਜਪਾ ਨੂੰ ਬੰਗਾਲ ਤੋਂ ਬੋਲਡ ਆਊਟ ਕਰਨਾ ਹੈ।
ਮਮਤਾ ਬੈਨਰਜੀ ਨੇ ਕਿਹਾ, “ਮੈਂ ਨੰਦੀਗ੍ਰਾਮ ਤੋਂ ਇਸ ਲਈ ਖੜ੍ਹੀ ਹਾਂ, ਕਿਉਂਕਿ ਮੈਂ ਇੱਥੋਂ ਦੇ ਆਪਣੇ ਭੈਣ-ਭਰਾਵਾਂ ਅਤੇ ਮਾਵਾਂ ਦਾ ਅਸ਼ੀਰਵਾਦ ਚਾਹੁੰਦੀ ਹਾਂ। ਭਾਜਪਾ ਤੁਹਾਨੂੰ ਵੋਟ ਪਾਉਣ ਲਈ ਜਿਹੜੇ ਪੈਸਾ ਦੇਵੇਗੀ, ਉਸ ਨੂੰ ਰੱਖ ਲਿਓ, ਕਿਉਂਕਿ ਇਹ ਤੁਹਾਡਾ ਪੈਸਾ ਹੈ, ਜੋ ਭਾਜਪਾ ਨੇ ਚੋਰੀ ਕੀਤਾ ਹੈ। ਪਰ ਭਾਜਪਾ ਨੂੰ ਵੋਟ ਨਾ ਦਿਓ।”
ਮਮਤਾ ਨੇ ਕਿਹਾ, “ਭਾਜਪਾ ਖੁਦ ਖੂਨ ਕਰਕੇ ਇਸ ਦਾ ਦੋਸ਼ ਤ੍ਰਿਣਮੂਲ ਕਾਂਗਰਸ ‘ਤੇ ਲਗਾਉਣਾ ਚਾਹੁੰਦੀ ਹੈ। ਬਾਹਰੀ ਗੁੰਡੇ ਲਿਆ ਰਹੀ ਹੈ, ਪੁਲਿਸ ਅੱਤਿਆਚਾਰ ਕਰ ਰਹੀ ਹੈ। ਮੈਂ ਜਾਣਦੀ ਹਾਂ, ਇਸੇ ਲਈ ਮੈਂ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਲਿਖੀ ਹੈ। ਮੈਂ ਨੰਦੀਗ੍ਰਾਮ ਤੋਂ ਹਲਦੀਆ ਤਕ ਇਕ ਪੁਲ ਦਾ ਨਿਰਮਾਣ ਕਰਾਵਾਂਗੀ, ਜਿਸ ਨਾਲ 25 ਹਜ਼ਾਰ ਲੋਕਾਂ ਨੂੰ ਨੌਕਰੀ ਮਿਲੇਗੀ।”
ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਰੋਡ ਸ਼ੋਅ ‘ਚ ਬੈਨਰਜੀ ਨੇ ਰੇਯਾਪਾਡਾ ਖੁਦੀਰਾਮ ਮੋੜ ਤੋਂ ਠਾਕੁਰ ਚੌਕ ਤਕ 8 ਕਿਲੋਮੀਟਰ ਦੀ ਯਾਤਰਾ ਕੀਤੀ। ਇਸ ਦੌਰਾਨ ਉਹ ਵ੍ਹੀਲਚੇਅਰ ‘ਤੇ ਸਨ ਅਤੇ ਹੱਥ ਜੋੜ ਕੇ ਲੋਕਾਂ ਨੂੰ ਵਧਾਈ ਦੇ ਰਹੇ ਸਨ। ਰੋਡ ਸ਼ੋਅ ‘ਚ ਹਜ਼ਾਰਾਂ ਸਥਾਨਕ ਲੋਕਾਂ ਅਤੇ ਪਾਰਟੀ ਵਰਕਰਾਂ ਨੇ ਹਿੱਸਾ ਲਿਆ ਅਤੇ ‘ਮਮਤਾ ਬੈਨਰਜੀ ਜ਼ਿੰਦਾਬਾਦ’ ਦੇ ਨਾਅਰੇ ਲਗਾਏ।
ਜ਼ਿਕਰਯੋਗ ਹੈ ਕਿ ਮਮਤਾ ਬੈਨਰਜੀ ਆਪਣੇ ਸਾਬਕਾ ਸਹਿਯੋਗੀ ਅਤੇ ਹੁਣ ਭਾਜਪਾ ਉਮੀਦਵਾਰ ਸੁਭੇਂਦੁ ਅਧਿਕਾਰੀ ਵਿਰੁੱਧ ਚੋਣ ਲੜ ਰਹੀ ਹੈ। ਪੂਰਬਾ ਮੇਦਨੀਪੁਰ ਜ਼ਿਲ੍ਹੇ ਦੀ ਇਸ ਮਹੱਤਵਪੂਰਨ ਸੀਟ ‘ਤੇ 1 ਅਪ੍ਰੈਲ ਨੂੰ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ‘ਚ ਵੋਟਾਂ ਪੈਣਗੀਆਂ। ਮਮਤਾ ਬੈਨਰਜੀ ਨੇ ਐਲਾਨ ਕੀਤਾ ਹੈ ਕਿ ਉਹ ਵੀਰਵਾਰ ਨੂੰ ਵੋਟਿੰਗ ਹੋਣ ਤਕ ਨੰਦੀਗ੍ਰਾਮ ‘ਚ ਹੀ ਰਹਿਣਗੇ।