ਬਿਹਾਰ ‘ਚ ਇਹ ਕਿਸਾਨ ਉਗਾ ਰਿਹੈ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ! ਸੋਸ਼ਲ ਮੀਡੀਆ ‘ਤੇ ਹੋ ਰਹੀ ਹੈ ਵਾਇਰਲ

ਔਰੰਗਾਬਾਦ, 3 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਸਬਜ਼ੀਆਂ ਤਾਂ ਅਸੀ ਸਾਰੇ ਲੋਕ ਖਾਂਦੇ ਹਾਂ। ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਦਾ ਸੁਆਦ ਅਤੇ ਕੀਮਤ ਦੋਵੇਂ ਹੀ ਵੱਖ ਹੁੰਦੇ ਹਨ। ਅੱਜ ਅਸੀ ਤੁਹਾਨੂੰ ਇਕ ਅਜਿਹੀ ਅਜਿਹੀ ਸਬਜ਼ੀ ਬਾਰ ਦੱਸ ਰਹੇ ਹਾਂ, ਜਿਸ ਦੀ ਖੇਤੀ ਬਿਹਾਰ ਦਾ ਇਕ ਕਿਸਾਨ ਕਰ ਰਿਹਾ ਹੈ ਅਤੇ ਉਸ ਦਾ ਦਾਅਵਾ ਹੈ ਕਿ ਇਸ ਸਬਜ਼ੀ ਦੀ ਕੀਮਤ 1 ਲੱਖ ਰੁਪਏ ਪ੍ਰਤੀ ਕਿੱਲੋ ਹੈ।
ਇਸ ਸਬਜ਼ੀ ਦਾ ਨਾਂਅ ਹਾਪ ਸ਼ੂਟਸ ਹੈ। ਦਰਅਸਲ ਇਸ ਮਹਿੰਗੀ ਸਬਜ਼ੀ ਦਾ ਜ਼ਿਕਰ ਇਸ ਲਈ ਕੀਤਾ ਜਾ ਰਿਹੈ, ਕਿਉਂਕਿ ਸੋਸ਼ਲ ਮੀਡੀਆ ‘ਤੇ ਕੁੱਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਹਿੰਗੀ ਸਬਜ਼ੀ ਬਿਹਾਰ ਦੇ ਔਰੰਗਾਬਾਦ ‘ਚ ਇਕ ਕਿਸਾਨ ਵੱਲੋਂ ਅਪਣੇ ਖੇਤਾਂ ‘ਚ ਉਗਾਈ ਜਾ ਰਹੀ ਹੈ।

Video Ad

ਸੋਸ਼ਲ ਮੀਡੀਆ ‘ਤੇ ਜਿਹੜੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਉਹ ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਦੀਆਂ ਹਨ। ਇਸ ‘ਚ ਕਿਸਾਨ ਅਮਰੇਸ਼ ਸਿੰਘ ਨੂੰ ਇਕ ਖੇਤ ‘ਚ ਬੈਠੇ ਨਜ਼ਰ ਆ ਰਹੇ ਹਨ ਅਤੇ ਦਾਅਵਾ ਕੀਤਾ ਗਿਆ ਹੈ ਕਿ ਉਸ ਨੇ ਅਪਣੇ ਖੇਤ ‘ਚ ‘ਹਾਪ ਸ਼ੂਟਸ’ ਨਾਂਅ ਦੀ ਸਬਜ਼ੀ ਉਗਾਈ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ 1 ਲੱਖ ਰੁਪਏ ਪ੍ਰਤੀ ਕਿਲੋ ਹੈ। ਪਰ ਜਦੋਂ ਇਸ ਵਾਇਰਲ ਦਾਅਵੇ ਦੀ ਪੜਤਾਲ ਕੀਤੀ ਗਈ ਤਾਂ ਅਸਲ ਸੱਚ ਕੁੱਝ ਹੋਰ ਹੀ ਨਿਕਲਿਆ।

ਪੜਤਾਲ ਕਰਨ ‘ਤੇ ਪਤਾ ਚੱਲਿਆ ਕਿ ਸਬਜ਼ੀ ਦੀ ਬਿਹਾਰ ‘ਚ ਕਾਸ਼ਤ ਨੂੰ ਲੈ ਕੇ ਵਾਇਰਲ ਕੀਤਾ ਜਾ ਰਿਹਾ ਦਾਅਵਾ ਬਿਲਕੁਲ ਗ਼ਲਤ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਜਦੋਂ ਪਿੰਡ ਕਰਮਡੀਹ ਵਿਖੇ ਪਹੁੰਚ ਕੇ ‘ਹਾਪ ਸ਼ੂਟਸ’ ਦੀ ਖੇਤੀ ਬਾਰੇ ਪਤਾ ਕੀਤਾ ਗਿਆ ਤਾਂ ਕਿਸਾਨ ਅਮਰੇਸ਼ ਸਿੰਘ ਦੇ ਬੇਟੇ ਸ਼ੁਭਮ ਸਿੰਘ ਨੇ ਦੱਸਿਆ ਕਿ ਇੱਥੇ ਕਿਤੇ ਵੀ ਹਾਪ ਸ਼ੂਟਸ ਦੀ ਖੇਤੀ ਨਹੀਂ ਹੁੰਦੀ। ਇੰਨਾ ਹੀ ਨਹੀਂ, ਜੋ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਐ, ਉਹ ਹਾਪ ਸ਼ੂਟਸ ਨਹੀਂ, ਸਗੋਂ ਕਿਸਾਨ ਅਮਰੇਸ਼ ਸਿੰਘ ਕਿਸੇ ਹੋਰ ਫ਼ਸਲ ਦੇ ਖੇਤ ‘ਚ ਬੈਠਾ ਹੈ। ਅਮਰੇਸ਼ ਦੇ ਪਰਿਵਾਰ ਨੇ ਇੱਥੋਂ ਤਕ ਆਖ ਦਿੱਤਾ ਕਿ ਉਨ੍ਹਾਂ ਕਦੇ ਹਾਪ ਸ਼ੂਟਸ ਦੇ ਪੌਦੇ ਨੂੰ ਵੇਖਿਆ ਤਕ ਨਹੀਂ। ਜਦਕਿ ਸੋਸ਼ਲ ਮੀਡੀਆ ‘ਤੇ ਵਾਇਰਲ ਦਾਅਵੇ ‘ਚ ਅਮਰੇਸ਼ ਨੂੰ ਹਾਪ ਸ਼ੂਟਸ ਦੇ ਖੇਤ ‘ਚ ਬੈਠੇ ਦੱਸਿਆ ਗਿਆ ਸੀ।

ਉਧਰ ਬਿਹਾਰ ਦੇ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਬਿਹਾਰ ‘ਚ ਹਾਪ ਸ਼ੂਟਸ ਦੀ ਖੇਤੀ ਸੰਭਵ ਨਹੀਂ ਹੈ, ਕਿਉਂਕਿ ਹਾਪ ਸ਼ੂਟਸ ਦਾ ਪੌਦਾ ਠੰਡੀਆਂ ਥਾਵਾਂ ‘ਤੇ ਹੁੰਦਾ ਹੈ, ਜਿੱਥੇ ਤਾਪਮਾਨ 10-12 ਡਿਗਰੀ ਤੋਂ ਹੇਠਾਂ ਹੋਵੇ, ਪਰ ਔਰੰਗਾਬਾਦ ਦਾ ਤਾਪਮਾਨ ਇਸ ਤੋਂ ਕਿਤੇ ਜ਼ਿਆਦਾ ਹੈ। ਸੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਹ ਦਾਅਵਾ ਬਿਲਕੁਲ ਗ਼ਲਤ ਸਾਬਤ ਹੋਇਆ।

ਉਂਝ ਕਿਸਾਨ ਅਮਰੇਸ਼ ਬਾਰੇ ਗੱਲ ਕਰੀਏ ਤਾਂ ਉਹ ਇਕ ਅਗਾਂਹਵਧੂ ਕਿਸਾਨ ਹੈ, ਜਿਸ ਨੇ 12ਵੀਂ ਤਕ ਪੜ੍ਹਾਈ ਕਰਨ ਮਗਰੋਂ ਖੇਤੀ ਨੂੰ ਹੀ ਅਪਣਾ ਕਰੀਅਰ ਬਣਾ ਲਿਆ। ਇਕ ਆਮ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਅਮਰੇਸ਼ ਦੀ ਗਿਣਤੀ ਔਰੰਗਾਬਾਦ ਦੇ ਅਗਾਂਹਵਧੂ ਕਿਸਾਨਾਂ ‘ਚ ਹੁੰਦੀ ਹੈ।

Video Ad