Home ਭਾਰਤ ਬਿਹਾਰ ਵਿਧਾਨ ਸਭਾ ‘ਚ ਹੰਗਾਮਾ : ਵਿਧਾਇਕਾਂ ਨੇ ਸਪੀਕਰ ਨੂੰ ਬੰਧੀ ਬਣਾਇਆ

ਬਿਹਾਰ ਵਿਧਾਨ ਸਭਾ ‘ਚ ਹੰਗਾਮਾ : ਵਿਧਾਇਕਾਂ ਨੇ ਸਪੀਕਰ ਨੂੰ ਬੰਧੀ ਬਣਾਇਆ

0
ਬਿਹਾਰ ਵਿਧਾਨ ਸਭਾ ‘ਚ ਹੰਗਾਮਾ : ਵਿਧਾਇਕਾਂ ਨੇ ਸਪੀਕਰ ਨੂੰ ਬੰਧੀ ਬਣਾਇਆ

ਪਟਨਾ, 23 ਮਾਰਚ (ਹਮਦਰਦ ਨਿਊਜ਼ ਸਰਵਿਸ) : ਬਿਹਾਰ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ 20ਵੇਂ ਦਿਨ ਮੰਗਲਵਾਰ ਨੂੰ ਪੁਲਿਸ ਐਕਟ ਬਿੱਲ 2021 ਦੇ ਵਿਰੁੱਧ ਭਾਰੀ ਹੰਗਾਮਾ ਹੋਇਆ। 4 ਵਾਰ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੇ ਸਪੀਕਰ ਵਿਜੇ ਸਿਨਹਾ ਨੂੰ ਆਪਣੇ ਹੀ ਚੈਂਬਰ ‘ਚ ਬੰਧੀ ਬਣਾ ਲਿਆ। ਡੀਐਮ ਅਤੇ ਐਸਐਸਪੀ ਨਾਲ ਧੱਕਾਮੁੱਕੀ ਕੀਤਾ। ਚੈਂਬਰ ਨੇੜੇ ਵਿਰੋਧੀ ਧਿਰ ਦੇ ਵਿਧਾਇਕਾਂ ਦੀ ਪੁਲਿਸ ਨਾਲ ਝੜਪ ਵੀ ਹੋਈ। ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਇਕ-ਇਕ ਕਰਕੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਰਾਜਦ ਦੇ ਵਿਧਾਇਕ ਸਤੀਸ਼ ਕੁਮਾਰ ਦਾਸ ਮਕਦਮਪੁਰ ਤੋਂ ਬੇਹੋਸ਼ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਦੇ ਇਤਿਹਾਸ ‘ਚ ਪਹਿਲੀ ਵਾਰ ਅਜਿਹੀ ਕੋਈ ਹੰਗਾਮਾ ਹੋਇਆ ਹੈ।
ਰਾਜਦ ਅਤੇ ਕਾਂਗਰਸ ਦੀਆਂ ਲਗਭਗ 7 ਮਹਿਲਾ ਵਿਧਾਇਕਾਂ ਨੇ ਆਸਨ ਦਾ ਘਿਰਾਓ ਕੀਤਾ। ਘੰਟੀ ਲਗਾਤਾਰ ਵੱਜਦੀ ਰਹੀ, ਪਰ ਮਹਿਲਾ ਵਿਧਾਇਕਾਂ ਨੇ ਆਪਣੀ ਸੀਟ ‘ਤੇ ਜਾਣ ਤੋਂ ਇਨਕਾਰ ਕਰ ਦਿੱਤਾ। ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਡਾ. ਪ੍ਰੇਮ ਕੁਮਾਰ ਚੇਅਰਮੈਨ ਬਣੇ, ਪਰ ਵਿਰੋਧੀ ਧਿਰ ਦੇ ਲਗਭਗ 12-13 ਵਿਧਾਇਕ ਵੈੱਲ ‘ਚ ਪਹੁੰਚ ਗਏ ਅਤੇ ਬਿਲ ਨੂੰ ਪਾੜ ਦਿੱਤਾ। ਫਿਰ ਕਾਰਵਾਈ ਸ਼ਾਮ 5:30 ਵਜੇ ਤਕ ਮੁਲਤਵੀ ਕਰ ਦਿੱਤੀ ਗਈ। ਵਿਧਾਨ ਸਭਾ ਦੇ ਸਪੀਕਰ ਵਿਜੇ ਸਿਨਹਾ ਚੈਂਬਰ ‘ਚ ਬੈਠੇ ਰਹੇ। ਵੱਡੀ ਗਿਣਤੀ ‘ਚ ਪੁਲਿਸ ਬਲ ਬਾਹਰ ਤਾਇਨਾਤ ਸੀ।
ਇਸ ਤੋਂ ਪਹਿਲਾਂ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਕੀਤੇ ਗਏ ਹੰਗਾਮਾ ਦੌਰਾਨ ਸਦਨ ਨੂੰ ਚਾਰ ਵਾਰ ਮੁਲਤਵੀ ਕਰਨਾ ਪਿਆ। ਇਸ ਦੌਰਾਨ ਵਿਰੋਧੀ ਮੈਂਬਰ ਵੈੱਚ ‘ਚ ਆ ਗਏ, ਬਿੱਲ ਦੀ ਕਾਪੀ ਪਾੜੀ ਅਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਸਿਰਫ਼ ਇੰਨਾ ਹੀ ਨਹੀਂ, ਉਹ ਰਿਪੋਰਟਰ ਮੇਜ਼ ‘ਤੇ ਚੜ੍ਹ ਗਏ ਅਤੇ ਮੇਜ਼ ਨੂੰ ਤੋੜ ਦਿੱਤਾ। ਇਸ ਦੌਰਾਨ ਜਦੋਂ ਦੂਜੀ ਵਾਰ ਕਾਰਵਾਈ ਮੁਲਤਵੀ ਕੀਤੀ ਗਈ ਤਾਂ ਸੱਤਾਧਾਰੀ ਧਿਰ ਦੇ ਸਾਰੇ ਮੈਂਬਰਾਂ ਦੇ ਸਦਨ ‘ਚੋਂ ਬਾਹਰ ਜਾਣ ਮਗਰੋਂ ਰਾਜਦ ਦੇ ਭਾਈ ਵਰਿੰਦਰ ਨੇ ਰਿਪੋਰਟਰ ਟੇਬਲ ‘ਤੇ ਚੜ੍ਹ ਕੇ ਇਸ ਬਿੱਲ ਦੇ ਵਿਰੋਧ ‘ਚ ਵੋਟਿੰਗ ਕਰਵਾ ਦਿੱਤੀ।