ਬੀਐਚਯੂ ਨੇ ਨੀਤਾ ਅੰਬਾਨੀ ਨੂੰ ਨਹੀਂ ਬਣਾਇਆ ਵਿਜ਼ੀਟਿੰਗ ਪ੍ਰੋਫ਼ੈਸਰ

ਨਵੀਂ ਦਿੱਲੀ, 17 ਮਾਰਚ (ਹਮਦਰਦ ਨਿਊਜ਼ ਸਰਵਿਸ) : ਰਿਲਾਇੰਸ ਫ਼ਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ ਵੱਲੋਂ ਵਿਜ਼ੀਟਿੰਗ ਪ੍ਰੋਫ਼ੈਸਰ ਵਜੋਂ ਪੜ੍ਹਾਉਣ ਦਾ ਪ੍ਰਸਤਾਵ ਮਿਲਿਆ ਸੀ, ਅਜਿਹੀਆਂ ਖ਼ਬਰਾਂ ਮੀਡੀਆਂ ‘ਚ ਆ ਰਹੀਆਂ ਸਨ। ਇਨ੍ਹਾਂ ਖ਼ਬਰਾਂ ਨੂੰ ਰਿਲਾਇੰਸ ਫ਼ਾਊਂਡੇਸ਼ਨ ਦੇ ਬੁਲਾਰੇ ਨੇ ਗਲਤ ਦੱਸਿਆ ਹੈ।
ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਨਿਊਜ਼ ਏਜੰਸੀ ਏਐਨਆਈ ਨੂੰ ਕਿਹਾ, “ਅਜਿਹੀਆਂ ਖਬਰਾਂ ਝੂਠੀਆਂ ਹਨ, ਜਿਸ ‘ਚ ਕਿਹਾ ਗਿਆ ਹੈ ਕਿ ਨੀਤਾ ਅੰਬਾਨੀ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐਚਯੂ) ‘ਚ ਵਿਜ਼ੀਟਿੰਗ ਪ੍ਰੋਫ਼ੈਸਰ ਹੋਣਗੇ। ਉਨ੍ਹਾਂ ਨੂੰ ਬੀਐਚਯੂ ਵੱਲੋਂ ਕੋਈ ਸੱਦਾ ਨਹੀਂ ਮਿਲਿਆ ਹੈ।”
ਜ਼ਿਕਰਯੋਗ ਹੈ ਕਿ ਮੀਡੀਆ ‘ਚ ਅਜਿਹੀਆਂ ਖਬਰਾਂ ਆਈਆਂ ਸਨ ਕਿ ਬੀਐਚਯੂ ਨੇ ਨੀਤਾ ਅੰਬਾਨੀ ਨੂੰ ਯੂਨੀਵਰਸਿਟੀ ਦੇ ਮਹਿਲਾ ਵਿਕਾਸ ਅਤੇ ਸਿਖਲਾਈ ਕੇਂਦਰ ਦਾ ਹਿੱਸਾ ਬਣਨ ਲਈ ਕਿਹਾ ਹੈ। ਇਹ ਪ੍ਰਸਤਾਵ ਨੀਤਾ ਅੰਬਾਨੀ ਨੂੰ 12 ਮਾਰਚ 2021 ਨੂੰ ਭੇਜਿਆ ਗਿਆ ਸੀ। ਇਸ ਦੇ ਨਾਲ ਹੀ ਬੀਐਚਯੂ ਪ੍ਰਸ਼ਾਸਨ ਨੇ ਇਸ ਮਾਮਲੇ ‘ਚ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਨੀਤਾ ਅੰਬਾਨੀ ਨੂੰ ਕਿਸੇ ਵੀ ਫ਼ੈਕਲਟੀ ਜਾਂ ਵਿਭਾਗ ‘ਚ ਵਿਜ਼ੀਟਿੰਗ ਪ੍ਰੋਫ਼ੈਸਰ ਬਣਾਉਣ ਦਾ ਫ਼ੈਸਲਾ ਨਹੀਂ ਲਿਆ ਗਿਆ ਹੈ ਅਤੇ ਨਾ ਹੀ ਅਜਿਹਾ ਕੋਈ ਪ੍ਰਬੰਧਕੀ ਆਦੇਸ਼ ਜਾਰੀ ਕੀਤਾ ਗਿਆ ਹੈ।
ਬਨਾਰਸ ਹਿੰਦੂ ਯੂਨੀਵਰਸਿਟੀ ਪ੍ਰਸ਼ਾਸਨ ਨੇ ਆਪਣੇ ਇਕ ਅਧਿਕਾਰਤ ਬਿਆਨ ‘ਚ ਕਿਹਾ ਕਿ ਵੱਖ-ਵੱਖ ਅਖ਼ਬਾਰਾਂ, ਆਨਲਾਈਨ ਪੇਪਰ ਤੇ ਇਲੈਕਟ੍ਰੋਨਿਕ ਮੀਡੀਏ ‘ਚ ਨੀਤਾ ਅੰਬਾਨੀ ਨੂੰ ਯੂਨੀਵਰਸਿਟੀ ‘ਚ ਸਮਾਜਿਕ ਵਿਗਿਆਨ ਦੀ ਔਰਤ ਵਿਜ਼ੀਟਿੰਗ ਪ੍ਰੋਫ਼ੈਸਰ ਬਣਾਏ ਜਾਣ ਸਬੰਧੀ ਖ਼ਬਰਾਂ ਪ੍ਰਕਾਸ਼ਤ ਹੋਈਆਂ ਸਨ। ਉਨ੍ਹਾਂ ਕਿਹਾ ਕਿ ਇਹ ਗਲਤ ਜਾਣਕਾਰੀ ਹੈ। ਇਸ ਬਾਰੇ ਅਸੀਂ ਸਪਸ਼ਟ ਕਰਦੇ ਹਾਂ ਕਿ ਨੀਤਾ ਅੰਬਾਨੀ ਨੂੰ ਯੂਨੀਵਰਸਿਟੀ ਦੇ ਕਿਸੇ ਵੀ ਵਿਭਾਗ ‘ਚ ਵਿਜ਼ੀਟਿੰਗ ਪ੍ਰੋਫ਼ੈਸਰ ਨਿਯੁਕਤ ਕੀਤੇ ਜਾਣ ਜਾਂ ਫਿਰ ਹੋਰ ਕਿਸੇ ਵੀ ਤਰ੍ਹਾਂ ਦੀ ਜ਼ਿੰਮੇਵਾਰੀ ਦੇਣ ਸਬੰਧੀ ਕੋਈ ਵੀ ਫ਼ੈਸਲਾ ਨਹੀਂ ਕੀਤਾ ਗਿਆ ਹੈ ਅਤੇ ਅਜਿਹਾ ਕੋਈ ਵੀ ਪ੍ਰਸ਼ਾਸਨਿਕ ਆਦੇਸ਼ ਵੀ ਜਾਰੀ ਨਹੀਂ ਕੀਤਾ ਗਿਆ ਹੈ।

Video Ad
Video Ad