ਮਾਸਕੋ, 29 ਮਈ, ਹ.ਬ. : ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੂਕਾਸ਼ੈਂਕੋ ਨੂੰ ਗੰਭੀਰ ਹਾਲਤ ਵਿੱਚ ਮਾਸਕੋ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਲੁਕਾਸੈਂਕੋ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲਣ ਲਈ ਮਾਸਕੋ ਪਹੁੰਚੇ ਸਨ ਪਰ ਪੁਤਿਨ ਨਾਲ ਮੁਲਾਕਾਤ ਤੋਂ ਤੁਰੰਤ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਬੇਲਾਰੂਸ ’ਚ ਵਿਰੋਧੀ ਧਿਰ ਦੇ ਨੇਤਾ ਵੈਲੇਰੀ ਸੇਪਕਾਲੋ ਨੇ ਦੱਸਿਆ ਕਿ ਲੁਕਾਸ਼ੈਂਕੋ ਨੂੰ ਖਰਾਬ ਸਿਹਤ ਤੋਂ ਬਾਅਦ ਮਾਸਕੋ ਦੇ ਸੈਂਟਰਲ ਕਲੀਨਿਕਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਉਸ ਨੇ ਦੱਸਿਆ ਕਿ ਲੂਕਾਸ਼ੈਂਕੋ ਅਤੇ ਪੁਤਿਨ ਵਿਚਕਾਰ ਬੰਦ ਕਮਰਾ ਗੱਲਬਾਤ ਹੋਈ, ਜਿਸ ਤੋਂ ਬਾਅਦ ਲੁਕਾਸ਼ੈਂਕੋ ਦੀ ਸਿਹਤ ਵਿਗੜ ਗਈ। ਸੇਪਕਾਲੋ ਨੇ ਕਿਹਾ ਕਿ ਰੂਸ ਦੇ ਚੋਟੀ ਦੇ ਡਾਕਟਰ ਲੁਕਾਸ਼ੈਂਕੋ ਦਾ ਇਲਾਜ ਕਰ ਰਹੇ ਹਨ ਪਰ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੇਪਕਾਲੋ ਨੇ ਦੱਸਿਆ ਕਿ ਲੁਕਾਸ਼ੈਂਕੋ ਦੇ ਖੂਨ ਨੂੰ ਸਾਫ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।
ਦੱਸ ਦੇਈਏ ਕਿ ਆਮਤੌਰ ’ਤੇ ਖੂਨ ਨੂੰ ਸਾਫ ਕਰਨ ਦੀ ਪ੍ਰਕਿਰਿਆ ਜ਼ਹਿਰ ਦੇ ਸਰੀਰ ’ਚ ਪਹੁੰਚਣ ਤੋਂ ਬਾਅਦ ਕੀਤੀ ਜਾਂਦੀ ਹੈ। ਇਹੀ ਕਾਰਨ ਹੈ ਕਿ ਲੁਕਾਸ਼ੈਂਕੋ ਨੂੰ ਜ਼ਹਿਰ ਦੇਣ ਦੀਆਂ ਗੱਲਾਂ ਹੋ ਰਹੀਆਂ ਹਨ। ਹਾਲਾਂਕਿ ਅਜੇ ਤੱਕ ਇਸ ਬਾਰੇ ਅਧਿਕਾਰਤ ਤੌਰ ’ਤੇ ਕੁਝ ਨਹੀਂ ਕਿਹਾ ਗਿਆ ਹੈ। ਬੇਲਾਰੂਸ ਦੇ ਰਾਸ਼ਟਰਪਤੀ ਲੂਕਾਸ਼ੈਂਕੋ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ।