ਬੋਲਣ ਦੀ ਆਜ਼ਾਦੀ ਸਿਰਫ਼ ‘ਮਨ ਕੀ ਬਾਤ’ ਤਕ ਸੀਮਤ : ਰਾਹੁਲ ਗਾਂਧੀ

ਨਵੀਂ ਦਿੱਲੀ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ‘ਤੇ ਨਿਸ਼ਾਨਾ ਸਾਧਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਬੋਲਣ ਦੀ ਆਜ਼ਾਦੀ ਸਿਰਫ਼ ‘ਮਨ ਕੀ ਬਾਤ’ ਤਕ ਸੀਮਤ ਹੈ। ਰਾਹੁਲ ਗਾਂਧੀ ਨੇ ਐਤਵਾਰ ਸਵੇਰੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਟਵੀਟ ਕਰਦਿਆਂ ਲਿਖਿਆ, “ਬੋਲਣ ਦੀ ਆਜ਼ਾਦੀ ‘ਮਨ ਕੀ ਬਾਤ’ ਤਕ ਸੀਮਤ ਹੈ।” ਦਰਅਸਲ, ਰਾਹੁਲ ਗਾਂਧੀ ਨੇ ਇਹ ਹਮਲਾ ਉਸ ਸਮੇਂ ਬੋਲਿਆ ਹੈ, ਜਦੋਂ ਅਸਾਮ-ਬੰਗਾਲ ‘ਚ ਵਿਧਾਨ ਸਭਾ ਚੋਣਾਂ ਦੀ ਪੁੱਠੀ ਗਿਣਤੀ ਚੱਲ ਰਹੀ ਹੈ।
ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਹਮਲਾ ਕਰਦਿਆਂ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਸਰਕਾਰ ਦੇਸ਼ ਦੇ ਕੁਝ ਵੱਡੇ ਉਦਯੋਗਪਤੀਆਂ ਦੇ ਲਾਭ ਲਈ ਕਿਸਾਨਾਂ ਦੀ ਆਮਦਨ ਅਤੇ ਉਨ੍ਹਾਂ ਦੇ ਭਵਿੱਖ ਨੂੰ ਖੋਹਣਾ ਚਾਹੁੰਦੀ ਹੈ। ਰਾਹੁਲ ਗਾਂਧੀ ਰਿਕਾਰਡ ਕੀਤੇ ਵੀਡੀਓ ਸੰਦੇਸ਼ ਰਾਹੀਂ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ‘ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਪ੍ਰੋਗਰਾਮ ‘ਚ ਸੂਬੇ ਦੀਆਂ ਦੋ ਸਕੀਮਾਂ ਤਹਿਤ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਨਕਦੀ ਵੰਡੀ ਗਈ।
ਰਾਹੁਲ ਗਾਂਧੀ ਨੇ ਕਿਸੇ ਦਾ ਨਾਮ ਲਏ ਬਗੈਰ ਕਿਹਾ, “ਅਸੀਂ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਅੱਜ ਪੂਰਾ ਕਰ ਦਿੱਤਾ ਹੈ। ਤੁਹਾਨੂੰ ਪਤਾ ਹੈ ਕਿ ਭਾਰਤ ਸਰਕਾਰ ਕਿਸੇ ਹੋਰ ਰਸਤੇ ‘ਤੇ ਚੱਲ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਵਿਰੁੱਧ ਤਿੰਨ ਖੇਤੀਬਾੜੀ ਕਾਨੂੰਨ ਲਿਆਂਦੇ ਹਨ। ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਅਤੇ ਭਵਿੱਖ ਨੂੰ ਖੋਹਣਾ ਚਾਹੁੰਦੀ ਹੈ ਅਤੇ 2 ਜਾਂ 3 ਵੱਡੇ ਉਦਯੋਗਪਤੀਆਂ ਨੂੰ ਦੇਣਾ ਚਾਹੁੰਦੀ ਹੈ।”
ਛੱਤੀਸਗੜ੍ਹ ਦੀ ਭੁਪੇਸ਼ ਬਘੇਲ ਦੀ ਸਰਕਾਰ ਦੀ ਸ਼ਲਾਘਾ ਕਰਦਿਆਂ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਛੱਤੀਸਗੜ੍ਹ ਅਤੇ ਹੋਰ ਸੂਬਿਆਂ ‘ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਕਿਸਾਨਾਂ, ਮਜ਼ਦੂਰਾਂ, ਛੋਟੇ ਕਾਰੋਬਾਰੀਆਂ, ਨੌਜਵਾਨਾਂ ਅਤੇ ਔਰਤਾਂ ਦੀ ਮਦਦ ਕਰਨ ਦੇ ਰਾਹ ‘ਤੇ ਚੱਲ ਰਹੀ ਹੈ।
ਨੋਟਬੰਦੀ ਅਤੇ ਜੀਐਸਟੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦਿਆਂ ਗਾਂਧੀ ਨੇ ਕਿਹਾ, “ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਨੋਟਬੰਦੀ ਅਤੇ ਜੀਐਸਟੀ ਨੂੰ ਲਾਗੂ ਕੀਤਾ ਅਤੇ ਅੱਜ ਤੁਸੀਂ ਵੇਖ ਸਕਦੇ ਹੋ ਕਿ ਭਾਰਤ ਰੁਜ਼ਗਾਰ ਪੈਦਾ ਕਰਨ ‘ਚ ਅਸਫਲ ਹੋ ਗਿਆ ਹੈ, ਜਦਕਿ ਛੱਤੀਸਗੜ੍ਹ ਦੀ ਸਰਕਾਰ ਨੇ ਕਿਸਾਨਾਂ ਦੀ ਮਦਦ ਕੀਤੀ ਅਤੇ ਪੇਂਡੂ ਅਰਥਚਾਰੇ ਨੂੰ ਮਜ਼ਬੂਤ ਕੀਤਾ।”
ਕਾਂਗਰਸੀ ਆਗੂ ਨੇ ਕਿਹਾ, “ਅਸੀਂ ਪੇਂਡੂ ਅਰਥਚਾਰੇ ‘ਚ ਪੈਸੇ ਲਗਾਏ ਹਨ ਅਤੇ ਛੱਤੀਸਗੜ੍ਹ (ਕੋਰੋਨਾ ਵਾਇਰਸ ਸੰਕਟ ਸਮੇਂ) ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆ ਰਹੀ, ਜਿਨ੍ਹਾਂ ਦਾ ਸਾਹਮਣਾ ਦੂਜੇ ਸੂਬੇ ਕਰ ਰਹੇ ਹਨ।” ਇਸ ਮੌਕੇ ਮੁੱਖ ਮੰਤਰੀ ਬਘੇਲ ਨੇ (ਸਾਉਣੀ ਅਤੇ ਰਾਬੀ ਦੀਆਂ ਫਸਲਾਂ 2019-20) ਰਾਜੀਵ ਗਾਂਧੀ ਕਿਸਾਨ ਨਿਆਂ ਯੋਜਨਾ ਲਈ ਚੌਥੀ ਅਤੇ ਆਖਰੀ ਕਿਸ਼ਤ ਵਜੋਂ 18.43 ਲੱਖ ਕਿਸਾਨਾਂ ਦੇ ਖਾਤਿਆਂ ‘ਚ 1,104.27 ਕਰੋੜ ਰੁਪਏ ਟਰਾਂਸਫ਼ਰ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਗੌਧਨ ਨਿਆਂ ਯੋਜਨਾ ਤਹਿਤ ਪਸ਼ੂ ਪਾਲਕਾਂ ਦੇ ਖਾਤਿਆਂ ‘ਚ 7.55 ਕਰੋੜ ਰੁਪਏ ਟਰਾਂਸਫ਼ਰ ਕੀਤੇ।

Video Ad
Video Ad