
ਕੋਲਕਾਤਾ, 27 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੰਗਲਾਦੇਸ਼ ਯਾਤਰਾ ਦੀ ਟਾਈਮਿੰਗ ‘ਤੇ ਸਵਾਲ ਚੁੱਕੇ ਹਨ। ਮਮਤਾ ਬੈਨਰਜੀ ਨੇ ਕਿਹਾ ਹੈ ਕਿ ਬੰਗਾਲ ‘ਚ ਜਿਸ ਸਮੇਂ ਵੋਟਾਂ ਪੈ ਰਹੀਆਂ ਹਨ, ਪ੍ਰਧਾਨ ਮੰਤਰੀ ਬੰਗਲਾਦੇਸ਼ ਦੌਰੇ ‘ਤੇ ਜਾਂਦੇ ਹਨ। ਬੰਗਲਾਦੇਸ਼ ‘ਚ ਉਹ ਪੱਛਮੀ ਬੰਗਾਲ ‘ਤੇ ਲੈਕਚਰ ਦਿੰਦੇ ਹਨ। ਇਹ ਚੋਣ ਨਿਯਮਾਂ ਦੀ ਉਲੰਘਣਾ ਹੈ।
ਦਰਅਸਲ, ਮਮਤਾ ਬੈਨਰਜੀ ਬੈਰਕਪੁਰ ‘ਚ ਚੋਣ ਪ੍ਰਚਾਰ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਬੰਗਲਾਦੇਸ਼ ਯਾਤਰਾ ‘ਤੇ ਸਵਾਲ ਖੜੇ ਕੀਤੇ। ਉਨ੍ਹਾਂ ਕਿਹਾ ਕਿ ਇੱਥੇ ਚੋਣਾਂ ਹੋ ਰਹੀਆਂ ਹਨ ਅਤੇ ਉਹ (ਪ੍ਰਧਾਨ ਮੰਤਰੀ) ਬੰਗਲਾਦੇਸ਼ ਜਾ ਕੇ ਬੰਗਾਲ ‘ਤੇ ਲੈਕਚਰ ਦਿੰਦੇ ਹਨ। ਇਹ ਪੂਰੀ ਤਰ੍ਹਾਂ ਚੋਣ ਜ਼ਾਬਤੇ ਦੀ ਉਲੰਘਣਾ ਹੈ।
ਮਮਤਾ ਨੇ ਕਿਹਾ, “ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਦੋਂ ਇਕ ਬੰਗਲਾਦੇਸ਼ੀ ਅਦਾਕਾਰ ਸਾਡੀ ਰੈਲੀ ‘ਚ ਸ਼ਾਮਲ ਹੋਣ ਆਇਆ ਸੀ ਤਾਂ ਭਾਜਪਾ ਨੇ ਬੰਗਲਾਦੇਸ਼ ਸਰਕਾਰ ਨਾਲ ਗੱਲਬਾਤ ਕੀਤੀ ਅਤੇ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਸੀ। ਪਰ ਹੁਣ ਜਦੋਂ ਬੰਗਾਲ ‘ਚ ਚੋਣਾਂ ਹੋ ਰਹੀਆਂ ਹਨ ਤਾਂ ਪ੍ਰਧਾਨ ਮੰਤਰੀ ਖੁਦ ਇਕ ਭਾਈਚਾਰੇ ਦੀ ਵੋਟ ਲਈ ਬੰਗਲਾਦੇਸ਼ ਦਾ ਦੌਰਾ ਕਰ ਰਹੇ ਹਨ। ਹੁਣ ਤੁਹਾਡਾ ਵੀਜ਼ਾ ਕਿਉਂ ਰੱਦ ਨਹੀਂ ਕੀਤਾ ਜਾਣਾ ਚਾਹੀਦਾ? ਅਸੀਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੇ।”
ਉੱਥੇ ਹੀ ਖੜਗਪੁਰ ‘ਚ ਚੋਣ ਰੈਲੀ ਦੌਰਾਨ ਮਮਤਾ ਬੈਨਰਜੀ ਨੇ ਕਿਹਾ ਕਿ ਕਈ ਵਾਰ ਪੀਐਮ ਮੋਦੀ ਕਹਿੰਦੇ ਹਨ ਕਿ ਮਮਤਾ ਨੇ ਬੰਗਲਾਦੇਸ਼ ਤੋਂ ਲੋਕਾਂ ਨੂੰ ਲਿਆ ਕੇ ਇੱਥੇ ਘੁਸਪੈਠ ਕਰਵਾਈ, ਫਿਰ ਪੀਐਮ ਖੁਦ ਵੋਟ ਮਾਰਕੀਟਿੰਗ ਲਈ ਬੰਗਲਾਦੇਸ਼ ਜਾਂਦੇ ਹਨ।
ਦੱਸ ਦੇਈਏ ਕਿ ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ 30 ਵਿਧਾਨ ਸਭਾ ਸੀਟਾਂ ‘ਤੇ ਸ਼ਨਿੱਚਰਵਾਰ ਨੂੰ ਵੋਟਿੰਗ ਹੋਈ। ਇਸ ਗੇੜ ‘ਚ 73 ਲੱਖ ਤੋਂ ਵੱਧ ਵੋਟਰ 191 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ।