
ਢਾਕਾ, 23 ਮਾਰਚ (ਹਮਦਰਦ ਨਿਊਜ਼ ਸਰਵਿਸ) : ਬੰਗਲਾਦੇਸ਼ ‘ਚ ਬੀਤੀ ਸੋਮਵਾਰ ਦੇਰ ਰਾਤ ਦੁਨੀਆਂ ਦੀ ਸਭ ਤੋਂ ਵੱਡੀ ਰੋਹਿੰਗਿਆ ਮੁਸਲਿਮ ਬਸਤੀ ‘ਚ ਅਚਾਨਕ ਲੱਗੀ ਅੱਗ ਕਾਰਨ ਹਜ਼ਾਰਾਂ ਅਸਥਾਈ ਘਰ ਸੜ ਗਏ। ਕਾਕਸ ਬਾਜ਼ਾਰ ਇਲਾਕੇ ‘ਚ ਬਣੇ ਬਾਲੂਖਾਲੀ ਕੈਂਪ ‘ਚ ਇਹ ਅੱਗ ਲੱਗੀ, ਜੋ ਥੋੜ੍ਹੇ ਸਮੇਂ ‘ਚ ਹੀ ਇਕ ਵੱਡੇ ਖੇਤਰ ‘ਚ ਫੈਲ ਗਈ। ਸਥਾਨਕ ਅਧਿਕਾਰੀਆਂ ਅਨੁਸਾਰ ਇਸ ਘਟਨਾ ‘ਚ ਹੁਣ ਤਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ, ਉੱਥੇ ਹੀ 400 ਤੋਂ ਵੱਧ ਲੋਕ ਲਾਪਤਾ ਹਨ।
ਸ਼ਰਨਾਰਥੀ ਕੈਂਪ ‘ਚ ਅਸਥਾਈ ਰਿਹਾਇਸ਼ ਟੈਂਟ ਪਲਾਸਟਿਕ ਤੇ ਪੋਲੀਥੀਨ ਦੀਆਂ ਚਾਦਰਾਂ ਨਾਲ ਬਣੇ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਕਾਕਸ ਬਾਜ਼ਾਰ ‘ਚ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦੀ ਬੁਲਾਰਨ ਲੁਇਸ ਡੋਨੋਵਾਨ ਨੇ ਦੱਸਿਆ ਕਿ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਬਚਾਅ ਟੀਮਾਂ ਸਰਗਰਮ ਹੋ ਗਈਆਂ ਅਤੇ ਉਨ੍ਹਾਂ ਨੇ ਜਾਨ-ਮਾਲ ਦਾ ਵੱਡਾ ਨੁਕਸਾਨ ਹੋਣੋਂ ਬਚਾਇਆ। ਚਸ਼ਮਦੀਦਾਂ ਅਨੁਸਾਰ ਹਾਦਸੇ ‘ਚ ਬਹੁਤ ਸਾਰੇ ਸ਼ਰਨਾਰਥੀਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ।
ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਕਿਹਾ ਕਿ ਬੰਗਲਾਦੇਸ਼ ‘ਚ ਦੁਨੀਆਂ ਦੀ ਸਭ ਤੋਂ ਵੱਡੀ ਰਫ਼ਿਊਜੀ ਬਸਤੀ ‘ਚ ਹਜ਼ਾਰਾਂ ਰੋਹਿੰਗਿਆਂ ਦੇ ਮਕਾਨ ਅੱਗ ਨਾਲ ਤਬਾਹ ਹੋ ਗਏ ਹਨ। ਸਾਲ 2017 ‘ਚ ਮਿਆਂਮਾਰ ਤੋਂ ਭੱਜੇ 10 ਲੱਖ ਤੋਂ ਵੱਧ ਰੋਹਿੰਗਿਆ ਸ਼ਰਨਾਰਥੀ ਕਾਕਸ ਬਾਜ਼ਾਰ ਅਤੇ ਇਸ ਦੇ ਆਸਪਾਸ ਦੇ ਕੈਂਪਾਂ ‘ਚ ਰਹਿੰਦੇ ਹਨ। ਸੰਯੁਕਤ ਰਾਸ਼ਟਰ ਅਤੇ ਬਹੁਤ ਸਾਰੇ ਮੁਸਲਿਮ ਦੇਸ਼ ਰਹਿਣ ਅਤੇ ਖਾਣ ‘ਚ ਉਨ੍ਹਾਂ ਦੀ ਮਦਦ ਕਰਦੇ ਹਨ।