
ਕੋਲਕਾਤਾ, 7 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਦੇ ਦੋਮਜੁਰ ‘ਚ ਬੁੱਧਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਰੋਡ ਸ਼ੋਅ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਇਕ ਰਿਕਸ਼ਾ ਚਾਲਕ ਦੇ ਘਰ ਖਾਣਾ ਖਾਧਾ, ਜੋ ਕਿ ਭਾਜਪਾ ਦਾ ਸਮਰਥਕ ਵੀ ਹੈ। ਅਮਿਤ ਸ਼ਾਹ ਨੇ ਦੁਪਹਿਰ ਨੂੰ ਰਿਕਸ਼ਾ ਚਾਲਕ ਦੇ ਘਰ ਦੁਪਹਿਰ ਦਾ ਖਾਣਾ ਖਾਧਾ। ਉਨ੍ਹਾਂ ਦੇ ਨਾਲ ਪਾਰਟੀ ਦੇ ਕਈ ਹੋਰ ਆਗੂ ਵੀ ਸਨ। ਇਨ੍ਹਾਂ ‘ਚ ਡੋਮਜੁਰ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਰਾਜੀਵ ਬੈਨਰਜੀ ਵੀ ਸਨ। ਅਮਿਤ ਸ਼ਾਹ ਰਵਾਇਤੀ ਅੰਦਾਜ਼ ‘ਚ ਜ਼ਮੀਨ ‘ਤੇ ਬੈਠੇ ਅਤੇ ਖਾਣਾ ਖਾਂਦੇ ਨਜ਼ਰ ਆਏ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਭਾਜਪਾ ਵਰਕਰਾਂ ਅਤੇ ਹੋਰ ਲੋਕਾਂ ਦੇ ਘਰਾਂ ‘ਚ ਖਾਣਾ ਖਾ ਚੁੱਕੇ ਹਨ।
ਡੋਮਜੁਰ ‘ਚ ਖਾਣਾ ਖਾਣ ਅਤੇ ਰੋਡ ਸ਼ੋਅ ਤੋਂ ਬਾਅਦ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸੀਟ ਦੇ ਜਿੱਤਣ ਦਾ ਪੂਰਾ ਭਰੋਸਾ ਹੈ। ਗ੍ਰਹਿ ਮੰਤਰੀ ਨੇ ਕਿਹਾ, “ਮੈਂ ਸਿਰਫ਼ ਇਕ ਗ੍ਰਾਮ ਪੰਚਾਇਤ ਗਿਆ ਹਾਂ, ਪਰ ਮੈਂ ਲੋਕਾਂ ‘ਚ ਜੋ ਉਤਸ਼ਾਹ ਵੇਖਿਆ ਹੈ, ਉਸ ਤੋਂ ਸਪੱਸ਼ਟ ਹੈ ਕਿ ਰਾਜੀਵ ਬੈਨਰਜੀ ਬਹੁਮਤ ਨਾਲ ਚੋਣ ਜਿੱਤਣਗੇ। 2 ਮਈ ਨੂੰ ਭਾਜਪਾ 200 ਸੀਟਾਂ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ। ਮਮਤਾ ਬੈਨਰਜੀ ਬੌਖਲਾ ਗਈ ਹੈ। ਉਨ੍ਹਾਂ ਦੀ ਬੌਖਲਾਹਟ ਉਨ੍ਹਾਂ ਦੇ ਭਾਸ਼ਣਾਂ ਅਤੇ ਵਿਹਾਰ ‘ਚ ਨਜ਼ਰ ਆ ਰਿਹਾ ਹੈ।”
ਦੱਸ ਦੇਈਏ ਕਿ ਪੱਛਮੀ ਬੰਗਾਲ ‘ਚ ਚੌਥੇ ਗੇੜ ਦੀ ਵੋਟਿੰਗ 10 ਅਪ੍ਰੈਲ ਨੂੰ ਹੋਣੀ ਹੈ। ਇਸ ਦੇ ਤਹਿਤ ਡੋਮਜੁਰ ਵਿਧਾਨ ਸਭਾ ਸੀਟ ‘ਤੇ ਵੀ ਵੋਟਾਂ ਪਾਈਆਂ ਜਾਣਗੀਆਂ। ਅਮਿਤ ਸ਼ਾਹ ਨੇ 2 ਅਪ੍ਰੈਲ ਨੂੰ ਦੂਜੇ ਗੇੜ ਤੋਂ ਪਹਿਲਾਂ ਰੋਡ ਸ਼ੋਅ ‘ਚ ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਕਿਹਾ ਸੀ ਕਿ ਦੀਦੀ ਨੰਦੀਗ੍ਰਾਮ ਸੀਟ ਤੋਂ ਚੋਣ ਹਾਰਨ ਜਾ ਰਹੀ ਹੈ। ਸ਼ਾਹ ਨੇ ਕਿਹਾ ਸੀ ਕਿ ਭਾਜਪਾ ਬੰਗਾਲ ਦੀਆਂ 200 ਤੋਂ ਵੱਧ ਸੀਟਾਂ ਜਿੱਤ ਕੇ ਸਰਕਾਰ ਬਣਾਉਣ ਜਾ ਰਹੀ ਹੈ। ਹੁਗਲੀ ‘ਚ ਰੋਡ ਸ਼ੋਅ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਸੀ ਕਿ ਦੀਦੀ ਦੇ ਗੁੰਡੇ ਨੰਦੀਗ੍ਰਾਮ ‘ਚ ਕੁਝ ਨਹੀਂ ਕਰ ਸਕਦੇ। ਉਹ ਪੂਰੇ ਬੰਗਾਲ ‘ਚ ਕੁਝ ਨਹੀਂ ਕਰ ਸਕਣਗੇ।
ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਵਿੱਚ 8 ਗੇੜ ‘ਚ ਵੋਟਿੰਗ ਹੋ ਰਹੀ ਹੈ। 294 ਸੀਟਾਂ ਵਾਲੀ ਵਿਧਾਨ ਸਭਾ ਲਈ ਵੋਟਿੰਗ 27 ਮਾਰਚ (30 ਸੀਟਾਂ), 1 ਅਪ੍ਰੈਲ (30 ਸੀਟਾਂ) ਅਤੇ 6 ਅਪ੍ਰੈਲ (31 ਸੀਟਾਂ) ਦੀ ਵੋਟਿੰਗ ਹੋ ਚੁੱਕੀ ਹੈ। ਹੁਣ ਚੌਥੇ ਗੇੜ ‘ਚ 10 ਅਪ੍ਰੈਲ (44 ਸੀਟਾਂ), 17 ਅਪ੍ਰੈਲ (45 ਸੀਟਾਂ), 22 ਅਪ੍ਰੈਲ (43 ਸੀਟਾਂ), 26 ਅਪ੍ਰੈਲ (36 ਸੀਟਾਂ) ਅਤੇ 29 ਅਪ੍ਰੈਲ (35 ਸੀਟਾਂ) ਨੂੰ ਵੋਟਿੰਗ ਹੋਵੇਗੀ।