ਬੰਗਾਲ ਚੋਣਾਂ : ਟੀਐਮਸੀ ਆਗੂ ‘ਤੇ ਇੱਟਾਂ ਨਾਲ ਹਮਲਾ, ਡਾਂਗਾਂ ਵੀ ਚੱਲੀਆਂ

ਕੋਲਕਾਤਾ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ‘ਚ ਮੰਗਲਵਾਰ ਨੂੰ ਤੀਜੇ ਗੇੜ ਦੀ ਵੋਟਿੰਗ ਮੁਕੰਮਲ ਹੋ ਗਈ। ਇਸ ਦੌਰਾਨ ਵਿਧਾਨ ਸਭਾ ਦੀਆਂ 31 ਸੀਟਾਂ ਲਈ ਵੋਟਿੰਗ ਹੋਈ। ਇਸ ਵਿਚਕਾਰ ਤ੍ਰਿਣਮੂਲ ਕਾਂਗਰਸ (ਟੀਐਮਸੀ) ਉਮੀਦਵਾਰ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਦਾ ਸਿੱਧਾ ਦੋਸ਼ ਭਾਜਪਾ ‘ਤੇ ਲਗਾਇਆ ਗਿਆ ਹੈ। ਜਾਣਕਾਰੀ ਅਨੁਸਾਰ ਆਰਾਮਬਾਗ ‘ਚ ਟੀਐਮਸੀ ਉਮੀਦਵਾਰ ਸੁਜਾਤਾ ਮੰਡਲ ‘ਤੇ ਇੱਟਾਂ ਨਾਲ ਹਮਲਾ ਕੀਤਾ ਗਿਆ। ਹਮਲੇ ਬਾਰੇ ਸੁਜਾਤਾ ਮੰਡਲ ਨੇ ਕਿਹਾ ਕਿ ਕੁਝ ਲੋਕ ਮਾਸਕ ‘ਚ ਆਏ ਅਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਇਹ ਵੀ ਦੋਸ਼ ਲਗਾਇਆ ਗਿਆ ਕਿ ਕੁਝ ਲੋਕ ਉਨ੍ਹਾਂ ਦੇ ਪਿੱਛੇ ਡਾਂਗਾਂ ਲੈ ਕੇ ਵੀ ਭੱਜੇ।

Video Ad

ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ‘ਚ ਹਿੰਸਾ ਦੀਆਂ ਖਬਰਾਂ ਆਮ ਹੋ ਗਈਆਂ ਹਨ। ਆਗੂਆਂ ਦੇ ਘਰੋਂ ਜਾਂ ਗੱਡੀ ‘ਚੋਂ ਈਵੀਐਮ ਦੀ ਬਰਾਮਦਗੀ ਤੋਂ ਲੈ ਕੇ ਲੜਾਈ-ਝਗੜੇ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਆਰਾਮਬਾਗ ‘ਚ ਟੀਐਮਸੀ ਉਮੀਦਵਾਰ ਸੁਜਾਤਾ ਮੰਡਲ ਪਿੱਛੇ ਡੰਡੇ ਲੈ ਕੇ ਭੱਜਣ ਅਤੇ ਇੱਟ ਨਾਲ ਹਮਲਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਸਿਰ ‘ਚ ਇੱਟ ਨਾਲ ਸੱਟ ਲੱਗੀ ਹੈ।

ਟੀਐਮਸੀ ਨੇ ਦਾਅਵਾ ਕੀਤਾ ਹੈ ਕਿ ਹਮਲੇ ‘ਚ ਇੱਕ ਸੁਰੱਖਿਆ ਮੁਲਾਜ਼ਮ ਵੀ ਜ਼ਖ਼ਮੀ ਹੋਇਆ ਹੈ। ਇਹ ਹਮਲਾ ਸੁਜਾਤਾ ਮੰਡਲ ਖਾਨ ਦੇ ਹਲਕੇ ਦੇ ਅਰੰਡੀ ਖੇਤਰ ‘ਚ ਇਕ ਪੋਲਿੰਗ ਬੂਧ ਦੇ ਬਾਹਰ ਕੀਤਾ ਗਿਆ। ਸੁਜਾਤਾ ਮੰਡਲ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਵੋਟਿੰਗ ਵਿਚਕਾਰ ਆਰਾਮਬਾਗ ‘ਚ ਤ੍ਰਿਣਮੂਲ ਸਮਰਥਕਾਂ ਨੂੰ ਧਮਕਾਇਆ। ਹਾਲਾਂਕਿ ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ।

ਉੱਥੇ ਹੀ ਟੀਐਮਸੀ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਕਿਹਾ ਕਿ ਭਾਜਪਾ ਦੇ ਗੁੰਡਿਆਂ ਨੇ ਅਰੰਡੀ ਦੇ ਬੂਥ ਨੰਬਰ-263 ਮਹਾਲਾਪਾਰਾ ‘ਚ ਟੀਐਮਸੀ ਉਮੀਦਵਾਰ ਸੁਜਾਤਾ ਮੰਡਲ ‘ਤੇ ਹਮਲਾ ਕੀਤਾ। ਉਨ੍ਹਾਂ ਦੇ ਨਿੱਜੀ ਸੁੱਰਖਿਆ ਅਧਿਕਾਰੀ ਦੇ ਸਿਰ ‘ਚ ਸੱਟਾਂ ਲੱਗੀਆਂ ਹਨ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੇ ਚੋਣ ਕਮੀਸ਼ਨ ਨੂੰ ਸ਼ਿਕਾਇਤ ਕਰਦਿਆਂ ਚੋਣਾਂ ਸੁਤੰਤਰ ਤੇ ਨਿਰਪੱਖ ਮਾਹੌਲ ‘ਚ ਕਰਵਾਏ ਜਾਣ ਦੀ ਮੰਗ ਕੀਤੀ।

Video Ad