ਬੰਗਾਲ ਚੋਣਾਂ : ਭਾਜਪਾ ਨੇ 148 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ, ਮੁਕੁਲ ਰਾਏ ਕ੍ਰਿਸ਼ਨ ਨਗਰ ਉੱਤਰ ਤੋਂ ਚੋਣ ਲੜਨਗੇ

ਨਵੀਂ ਦਿੱਲੀ, 18 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਜਪਾ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਆਪਣੇ 148 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਪ੍ਰੈੱਸ ਕਾਨਫ਼ਰੰਸ ਨੂੰ ਦੱਸਿਆ ਕਿ ਅਸੀਮ ਸਰਕਾਰ, ਮੁਕੁਲ ਰਾਏ ਅਤੇ ਰਾਹੁਲ ਸਿਨਹਾ ਵੀ ਭਾਜਪਾ ਦੀ ਟਿਕਟ ‘ਤੇ ਚੋਣ ਲੜਨਗੇ। ਪੱਛਮੀ ਬੰਗਾਲ ‘ਚ ਸਿਰਫ਼ 11 ਸੀਟਾਂ ‘ਤੇ ਉਮੀਦਵਾਰਾਂ ਦੇ ਨਾਮਾਂ ‘ਤੇ ਮੋਹਰ ਲੱਗਣੀ ਬਾਕੀ ਹੈ।
ਭਾਜਪਾ ਦੀ ਪ੍ਰੈੱਸ ਕਾਨਫ਼ਰੰਸ ਅਨੁਸਾਰ ਮੁਕੁਲ ਰਾਏ ਕ੍ਰਿਸ਼ਨਨਗਰ ਉੱਤਰ ਤੋਂ ਚੋਣ ਲੜਨਗੇ। ਉਨ੍ਹਾਂ ਦੇ ਸਾਹਮਣੇ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਅਤੇ ਬੰਗਾਲੀ ਸਿਨੇਮਾ ਅਦਾਕਾਰਾ ਕੌਸਾਨੀ ਮੁਖਰਜੀ ਹੋਣਗੇ। ਭਾਜਪਾ ਨੇ ਵਿਧਾਨ ਸਭਾ ਚੋਣਾਂ ‘ਚ ਸੰਸਦ ਮੈਂਬਰ ਜਗਨਨਾਥ ਸਰਕਾਰ ਨੂੰ ਵੀ ਉਤਾਰ ਦਿੱਤਾ ਹੈ। ਰਾਹੁਲ ਸਿਨਹਾ ਹਾਵੜਾ ਤੋਂ ਚੋਣ ਲੜਨਗੇ। ਅਦਾਕਾਰ ਰੁਦਰਨੀਲ ਘੋਸ਼ ਨੂੰ ਬਬਨੀਪੁਰ ਤੋਂ ਟਿਕਟ ਦਿੱਤੀ ਹੈ। ਇਸ ਦੇ ਨਾਲ ਹੀ ਪਤੇਸ਼ਵਰ ਵਿਧਾਨ ਸਭਾ ਸੀਟ ਤੋਂ ਜਿਤੇਂਦਰ ਤਿਵਾੜੀ ਨੂੰ ਟਿਕਟ ਦਿੱਤੀ ਗਈ ਹੈ। ਅਗਨੀਮਿੱਤਰ ਪੌਲ ਨੂੰ ਆਸਨਸੋਲ ਦੱਖਣ ਤੋਂ ਟਿਕਟ ਮਿਲੀ ਹੈ। ਭਾਜਪਾ ਨੇ ਫੁੱਟਬਾਲਰ ਕਲਿਆਣ ਚੌਬੇ ਨੂੰ ਵੀ ਟਿਕਟ ਦਿੱਤੀ ਹੈ। ਇਸ ਤੋਂ ਇਲਾਵਾ ਭਾਜਪਾ ਨੇ ਕਲਾ ਅਤੇ ਸੱਭਿਆਚਾਰ ਖੇਤਰ ਨਾਲ ਸਬੰਧਤ ਬਹੁਤ ਸਾਰੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ।
ਦੱਸ ਦੇਈਏ ਕਿ ਭਾਜਪਾ ਇਸ ਚੋਣ ‘ਚ ਆਪਣੀ ਪੂਰੀ ਤਾਕਤ ਲਗਾਉਣਾ ਚਾਹੁੰਦੀ ਹੈ। ਇਸ ਲਈ ਭਾਜਪਾ ਨੇ ਪਹਿਲਾਂ ਹੀ ਵਿਧਾਨ ਸਭਾ ਚੋਣਾਂ ਲੜਨ ਲਈ ਬੰਗਾਲ ਤੋਂ 4 ਸੰਸਦ ਮੈਂਬਰ ਖੜ੍ਹੇ ਕੀਤੇ ਹਨ। ਆਪਣੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰਦਿਆਂ ਭਾਜਪਾ ਨੇ ਆਪਣੇ ਚਾਰ ਸੰਸਦ ਮੈਂਬਰਾਂ ਦੇ ਨਾਵਾਂ ਦਾ ਵੀ ਐਲਾਨ ਕੀਤੀ, ਜੋ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀ ਕਿਸ਼ਤੀ ਨੂੰ ਪਾਰ ਲਗਾ ਸਕਦੇ ਹਨ।
ਇਨ੍ਹਾਂ ‘ਚ ਭਾਜਪਾ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਬਾਬੁਲ ਸੁਪ੍ਰੀਯੋ ਨੂੰ ਟੌਲੀਗੰਜ ਤੋਂ ਟਿਕਟ ਦਿੱਤੀ ਗਈ ਹੈ। ਦੂਜੇ ਪਾਸੇ ਸੰਸਦ ਮੈਂਬਰ ਨਿਸ਼ੀਥ ਪ੍ਰਮਾਣਿਕ ਨੂੰ ਦੀਨਹਾਟਾ ਸੀਟ ਤੋਂ, ਚੰਚੂਰਾ ਸੀਟ ਤੋਂ ਸੰਸਦ ਮੈਂਬਰ ਲਾਕੇਟ ਚੈਟਰਜੀ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਇਸੇ ਤਰ੍ਹਾਂ ਭਾਜਪਾ ਨੇ ਆਪਣੇ ਰਾਜ ਸਭਾ ਮੈਂਬਰ ਸਵਪਨ ਦਾਸ ਗੁਪਤਾ ਨੂੰ ਵੀ ਤਾਰਕੇਸ਼ਵਰ ਸੀਟ ਤੋਂ ਚੋਣ ਮੈਦਾਨ ‘ਚ ਉਤਾਰਿਆ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਦਿਲੀਪ ਘੋਸ਼ ਨੂੰ ਕਿਤੋਂ ਵੀ ਟਿਕਟ ਨਹੀਂ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਇਸ ਵਾਰ ਚੋਣ ਨਹੀਂ ਲੜਨਗੇ।

Video Ad
Video Ad