ਬੰਗਾਲ ਚੋਣ : ਸਵਪਨ ਦਾਸਗੁਪਤਾ ਨੇ ਰਾਜ ਸਭਾ ਤੋਂ ਦਿੱਤਾ ਅਸਤੀਫ਼ਾ

ਨਵੀਂ ਦਿੱਲੀ, 16 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ‘ਚ ਭਾਜਪਾ ਦਾ ਉਮੀਦਵਾਰ ਬਣਨ ਤੋਂ ਬਾਅਦ ਸਵਪਨ ਦਾਸ ਗੁਪਤਾ ਨੇ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫ਼ਾ ਅਜੇ ਮਨਜ਼ੂਰ ਨਹੀਂ ਹੋਇਆ ਹੈ। ਤ੍ਰਿਣਮੂਲ ਕਾਂਗਰਸ (ਟੀਐਮਸੀ) ਨੇ ਸਵਪਨ ਦਾਸ ਗੁਪਤਾ ਦੀ ਉਮੀਦਵਾਰੀ ‘ਤੇ ਸਵਾਲ ਚੁੱਕੇ ਸਨ। ਟੀਐਮਸੀ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਸੰਵਿਧਾਨ ਦੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਸਵਪਨ ਦਾਸ ਗੁਪਤਾ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਸੀ। ਦੋਸ਼ਾਂ ਤੋਂ ਬਾਅਦ ਗੁਪਤਾ ਨੇ ਕਿਹਾ ਸੀ, “ਮੈਂ ਅਜੇ ਨਾਮਜ਼ਦਗੀ ਕਾਗਜ਼ ਦਾਖਲ ਨਹੀਂ ਕੀਤੇ ਹਨ। ਨਾਮਜ਼ਦਗੀ ਤੋਂ ਪਹਿਲਾਂ ਸਾਰੇ ਵਿਵਾਦਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ।”
ਰਾਜ ਸਭਾ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸਵਪਨ ਦਾਸ ਗੁਪਤਾ ਨੇ ਕਿਹਾ, “ਮੈਂ ਇਕ ਸੁਨਹਿਰੇ ਬੰਗਾਲ ਦੀ ਲੜਾਈ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਵਚਨਬੱਧ ਕਰਨ ਲਈ ਅੱਜ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਗਲੇ ਦਿਨਾਂ ‘ਚ ਮੈਂ ਤਾਰਕੇਸ਼ਵਰ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਵਜੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਾਂਗਾ।” ਜ਼ਿਕਰਯੋਗ ਹੈ ਕਿ ਭਾਜਪਾ ਨੇ ਪੱਛਮ ਬੰਗਾਲ ਵਿਧਾਨ ਸਭਾ ਚੋਣਾਂ ‘ਚ ਇਕ ਕੇਂਦਰੀ ਮੰਤਰੀ ਸਮੇਤ 4 ਸੰਸਦ ਮੈਂਬਰਾਂ ਨੂੰ ਟਿਕਟ ਦਿੱਤੀ ਹੈ।
ਮਹੂਆ ਮੋਇਤਰਾ ਨੇ ਕੀ ਕਿਹਾ ਸੀ?
ਮਹੂਆ ਮੋਇਤਰਾ ਨੇ ਟਵੀਟ ਕੀਤਾ ਸੀ, “ਸਵਪਨ ਦਾਸ ਗੁਪਤਾ ਪੱਛਮੀ ਬੰਗਾਲ ਚੋਣਾਂ ‘ਚ ਭਾਜਪਾ ਦੇ ਉਮੀਦਵਾਰ ਹਨ। ਸੰਵਿਧਾਨ ਦੀ 10ਵੀਂ ਅਨੁਸੂਚੀ ‘ਚ ਕਿਹਾ ਗਿਆ ਹੈ ਕਿ ਜੇ ਕੋਈ ਸਹੁੰ ਚੁੱਕਣ ਦੇ 6 ਮਹੀਨੇ ਬਾਅਦ ਕਿਸੇ ਸਿਆਸੀ ਪਾਰਟੀ ‘ਚ ਸ਼ਾਮਲ ਹੁੰਦਾ ਹੈ ਤਾਂ ਉਸ ਰਾਜ ਸਭਾ ਮੈਂਬਰ ਨੂੰ ਅਯੋਗ ਕਰਾਰ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਅਪ੍ਰੈਲ 2016 ‘ਚ ਸਹੁੰ ਚੁਕਾਈ ਗਈ ਸੀ। ਭਾਜਪਾ ‘ਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਹੈ।
ਕੌਣ ਹਨ ਸਵਪਨ ਦਾਸ ਗੁਪਤਾ?
ਸਵਪਨ ਦਾਸ ਗੁਪਤਾ ਬੰਗਾਲ ਦੀ ਸਿਆਸਤ ਦਾ ਇਕ ਵੱਡਾ ਚਿਹਰਾ ਹਨ। ਉਹ ਪੇਸ਼ੇ ਤੋਂ ਪੱਤਰਕਾਰ ਵੀ ਹੈ। ਭਾਜਪਾ ਨੇ ਬੰਗਾਲ ਚੋਣਾਂ ‘ਚ ਕੇਂਦਰੀ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੂੰ ਵੀ ਮੈਦਾਨ ‘ਚ ਉਤਾਰਿਆ ਹੈ। ਭਾਜਪਾ ਨੇ ਪੱਛਮੀ ਬੰਗਾਲ ‘ਚ ਤਾਰਕੇਸ਼ਵਰ ਵਿਧਾਨ ਸਭਾ ਸੀਟ ਤੋਂ ਸਵਪਨ ਦਾਸ ਗੁਪਤਾ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਅਪ੍ਰੈਲ 2016 ‘ਚ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨੂੰ ਸਾਹਿਤ ‘ਤੇ ਸਿੱਖਿਆ ਦੇ ਖੇਤਰ ‘ਚ ਸਾਲ 2015 ‘ਚ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ। ਸਵਪਨ ਦਾਸ ਗੁਪਤਾ ਆਕਸਫ਼ੋਰਡ ਦੇ ਨਫੀਲਡ ਕਾਲਜ ਵਿਖੇ ਜੂਨੀਅਰ ਰਿਸਰਚ ਫ਼ੈਲੋ ਵਜੋਂ ਵੀ ਸੇਵਾਵਾਂ ਦੇ ਰਹੇ ਹਨ।
ਨਿਯਮ ਕੀ ਕਹਿੰਦਾ ਹੈ?
ਸੰਵਿਧਾਨ ਦੀ 10ਵੀਂ ਅਨੁਸੂਚੀ ਦੀ ਧਾਰਾ 102 (2) ਅਤੇ 191 (2) ਦੇ ਅਧੀਨ ਅਯੋਗਤਾ ਦੇ ਨਿਯਮ-3 ‘ਚ ਕਿਹਾ ਗਿਆ ਹੈ ਕਿ ਜੇ ਕਿਸੇ ਸਦਨ ਦਾ ਨਾਮਜ਼ਦ ਮੈਂਬਰ ਸਹੁੰ ਚੁੱਕਣ ਤੋਂ ਬਾਅਦ ਅਤੇ ਉਸ ਦੀ 6 ਮਹੀਨੇ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਕਿਸੇ ਸਿਆਸੀ ਪਾਰਟੀ ‘ਚ ਸ਼ਾਮਲ ਹੋ ਜਾਂਦਾ ਹੈ ਤਾਂ ਉਹ ਅਯੋਗ ਕਰਾਰ ਦਿੱਤਾ ਜਾਵੇਗਾ।

Video Ad
Video Ad