Home ਭਾਰਤ ਬੰਗਾਲ ‘ਚ 80.43% ਤੇ ਅਸਾਮ ‘ਚ 76.37% ਵੋਟਿੰਗ ਹੋਈ

ਬੰਗਾਲ ‘ਚ 80.43% ਤੇ ਅਸਾਮ ‘ਚ 76.37% ਵੋਟਿੰਗ ਹੋਈ

0
ਬੰਗਾਲ ‘ਚ 80.43% ਤੇ ਅਸਾਮ ‘ਚ 76.37% ਵੋਟਿੰਗ ਹੋਈ

ਕੋਲਕਾਤਾ, 1 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਅਸਾਮ ਅਤੇ ਪੱਛਮੀ ਬੰਗਾਲ ‘ਚ ਦੂਜੇ ਗੇੜ ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਵੀਰਵਾਰ ਸ਼ਾਮ 6.30 ਵਜੇ ਖ਼ਤਮ ਹੋ ਗਈ। ਬੰਗਾਲ ‘ਚ ਦੂਜੇ ਗੇੜ ਤਹਿਤ 4 ਜ਼ਿਲ੍ਹਿਆਂ ਦੇ 30 ਹਲਕਿਆਂ ‘ਚ ਵੋਟਿੰਗ ਹੋਈ। ਕੁਝ ਹਿੰਸਕ ਘਟਨਾਵਾਂ ਵਿਚਕਾਰ ਵੋਟਿੰਗ ਪ੍ਰੀਕਿਰਿਆ ਪੂਰੀ ਹੋਈ। ਵੋਟਿੰਗ ਦੌਰਾਨ ਨੰਦੀਗ੍ਰਾਮ ਦਿਨ ਭਰ ਸੁਰਖੀਆਂ ‘ਚ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ 8 ਵਜੇ ਤਕ ਬੰਗਾਲ ‘ਚ 80.43%, ਜਦਕਿ ਅਸਾਮ ‘ਚ 76.37% ਵੋਟਾਂ ਪਈਆਂ।

ਦੋਵਾਂ ਸੂਬਿਆਂ ਦੇ ਪੋਲਿੰਗ ਸਟੇਸ਼ਨਾਂ ‘ਚ ਵੀਰਵਾਰ ਸਵੇਰੇ 7 ਵਜੇ ਪੋਲਿੰਗ ਸ਼ੁਰੂ ਹੋਈ ਸੀ, ਪਰ ਪੱਛਮ ਬੰਗਾਲ ਦਾ ਡੇਬਰਾ ਹਲਕਾ ਸਵੇਰੇ ਹੀ ਸੁਰਖੀਆਂ ‘ਚ ਆ ਗਿਆ। ਡੇਬਰਾ ਦੀ ਭਾਜਪਾ ਉਮੀਦਵਾਰ ਭਾਰਤੀ ਘੋਸ਼ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਬੂਥ ਏਜੰਟ ਨੂੰ ਬੈਠਣ ਨਹੀਂ ਦਿੱਤਾ ਜਾ ਰਿਹਾ। ਬਹੁਤ ਸਾਰੇ ਪੋਲਿੰਗ ਸਟੇਸ਼ਨਾਂ ਤੋਂ ਈਵੀਐਮ ਖਰਾਬ ਹੋਣ ਦੀ ਸ਼ਿਕਾਇਤ ਮਿਲੀ, ਪਰ ਸ਼ਾਮ ਤਕ ਸਾਰਿਆਂ ਦਾ ਧਿਆਨ ਨੰਦੀਗ੍ਰਾਮ ‘ਤੇ ਸ਼ਿਫ਼ਟ ਹੋ ਗਿਆ। ਭਾਜਪਾ ਉਮੀਦਵਾਰ ਸ਼ੁਭੇਂਦੁ ਅਧਿਕਾਰੀ ਨੇ ਦਾਅਵਾ ਕੀਤਾ ਕਿ ਮਮਤਾ ਬੈਨਰਜੀ 100 ਬੂਥਾਂ ‘ਤੇ ਏਜੰਟ ਨਹੀਂ ਦੇ ਸਕੀ, ਜਦਕਿ ਬਾਅਦ ‘ਚ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਸੈਂਟਰਲ ਫ਼ੋਰਸ ਪੱਖਪਾਤ ਕਰ ਰਹੀ ਹੈ। ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਨੂੰ ਪੱਖਪਾਤ ਕਰਨ ਦੀ ਸ਼ਿਕਾਇਤ ਕੀਤੀ ਅਤੇ ਰਾਜਪਾਲ ਨੂੰ ਫ਼ੋਨ ਕਰਕੇ ਸ਼ਿਕਾਇਤ ਕੀਤੀ। ਚੋਣ ਕਮਿਸ਼ਨ ਨੇ 22 ਕੰਪਨੀ ਸੈਂਟਰਲ ਕੋਰ ਨੂੰ ਨੰਦੀਗ੍ਰਾਮ ‘ਚ ਤਾਇਨਾਤ ਕੀਤਾ ਸੀ।

ਮੁੱਖ ਚੋਣ ਅਧਿਕਾਰੀ ਅਰਿਜ਼ ਆਫਤਾਬ ਨੇ ਦੱਸਿਆ ਕਿ ਕੁਝ ਘਟਨਾਵਾਂ ਨੂੰ ਛੱਡ ਕੇ ਵੋਟਿੰਗ ਸ਼ਾਂਤਮਈ ਰਹੀ। ਵੋਟਿੰਗ ਦੌਰਾਨ 1605 ਸ਼ਿਕਾਇਤਾਂ ਦਾਇਰ ਕੀਤੀਆਂ ਗਈਆਂ। ਕੇਸ਼ਪੁਰ ‘ਚ ਦੋਵੇਂ ਧਿਰਾਂ ਦੇ ਲੋਕ ਜ਼ਖ਼ਮੀ ਹੋਏ ਹਨ। ਕੇਸ਼ਪੁਰ ‘ਚ ਹਿੰਸਾ ਤੋਂ ਬਾਅਦ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਢਲੀ ਰਿਪੋਰਟ ਤੋਂ ਇਹ ਸਪਸ਼ਟ ਹੈ ਕਿ ਉਯਦ ਸ਼ੰਕਰ ਦੂਬੇ ਨੇ ਨੰਦੀਗ੍ਰਾਮ ‘ਚ ਖੁਦਕੁਸ਼ੀ ਕੀਤੀ ਸੀ।

ਦੂਜੇ ਪਾਸੇ ਅਸਾਮ ਵਿਧਾਨ ਸਭਾ ਚੋਣਾਂ ਦੇ ਗੇਫ ਪੜਾਅ ‘ਚ 39 ਸੀਟਾਂ ‘ਤੇ ਵੋਟਿੰਗ ਹੋਈ। ਮਤਦਾਨ ਸ਼ਾਂਤਮਈ ਰਿਹਾ ਅਤੇ ਵੱਡੀ ਗਿਣਤੀ ‘ਚ ਵੋਟਰ ਵੋਟ ਪਾਉਣ ਪਹੁੰਚੇ। ਦੂਜੇ ਗੇੜ ‘ਚ 26 ਔਰਤਾਂ ਸਮੇਤ 345 ਉਮੀਦਵਾਰ ਮੈਦਾਨ ‘ਚ ਸਨ। ਕੁਝ ਪੋਲਿੰਗ ਸਟੇਸ਼ਨਾਂ ‘ਤੇ ਈਵੀਐਮ ਗੜਬੜੀ ਦੀਆਂ ਸ਼ਿਕਾਇਤਾਂ ਆਈਆਂ ਸਨ ਅਤੇ ਉਨ੍ਹਾਂ ਨੂੰ ਤੁਰੰਤ ਬਦਲ ਦਿੱਤਾ ਗਿਆ ਸੀ। ਵੋਟਿੰਗ ਦੌਰਾਨ ਲੋਕ ਮਾਸਕ ਪਹਿਨ ਕੇ ਆਏ ਅਤੇ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਵੇਖੇ ਗਏ।