ਬੰਗਾਲ ਦੇ ਲੋਕ ਸਾਨੂੰ ਇਕ ਵਾਰ ਅਸ਼ੀਰਵਾਦ ਦੇਣ, ਅਸੀਂ ਆਪਣੀ ਜਾਨ ਲਗਾ ਕੇ ਤੁਹਾਡੀ ਸੇਵਾ ਕਰਾਂਗੇ : ਪੀਐਮ ਮੋਦੀ

ਕੋਲਕਾਤਾ, 20 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ ਲਈ ਪਹਿਲੇ ਗੇੜ ਦੀ ਵੋਟਿੰਗ (27 ਮਾਰਚ) ਕਾਫ਼ੀ ਨੇੜੇ ਹੈ। ਸਾਰੀਆਂ ਸਿਆਸੀ ਪਾਰਟੀਆਂ ਰੈਲੀਆਂ ਕਰ ਰਹੀਆਂ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਖੜਗਪੁਰ ‘ਚ ਚੋਣ ਰੈਲੀ ਕੀਤੀ। ਮੋਦੀ ਨੇ ਬੰਗਾਲ ‘ਚ ਵਿਕਾਸ ਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਤਿੱਖੇ ਹਮਲੇ ਕੀਤੇ। ਮੋਦੀ ਨੇ ਸੋਸ਼ਲ ਮੀਡੀਆ ਦੇ ਡਾਊਨ ਹੋਣ ਕਾਰਨ ਲੋਕਾਂ ਨੂੰ ਹੋਈ ਪ੍ਰੇਸ਼ਾਨੀ ਦਾ ਉਦਾਹਰਣ ਦੇ ਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਬੰਗਾਲ ‘ਚ ਤਾਂ ਪਿਛਲੇ 50 ਸਾਲ ਤੋਂ ਵਿਕਾਸ ਅਤੇ ਸੁਪਨੇ ਹੀ ਡਾਊਨ ਹਨ।
ਮੋਦੀ ਨੇ ਲੋਕਾਂ ਨੂੰ ਕਿਹਾ, “ਤੁਹਾਡਾ ਉਤਸ਼ਾਹ ਇਹ ਕਹਿ ਰਿਹਾ ਹੈ ਕਿ ਇਸ ਵਾਰ ਬੰਗਾਲ ‘ਚ ਭਾਜਪਾ ਦੀ ਸਰਕਾਰ ਬਣੇਗੀ। ਮੈਂ ਇਹ ਇਸ ਲਈ ਕਹਿ ਰਿਹਾ ਹਾਂ, ਕਿਉਂਕਿ 130 ਕਾਰਕੁਨਾਂ ਨੇ ਬੰਗਾਲ ਦੀ ਇਸ ਧਰਤੀ ਉੱਤੇ ਕੁਰਬਾਨੀਆਂ ਦਿੱਤੀਆਂ ਹਨ ਤਾਂ ਜੋ ਬੰਗਾਲ ਆਬਾਦ ਰਹੇ। ਦੀਦੀ ਨੇ 10 ਸਾਲਾਂ ‘ਚ ਬੰਗਾਲ ਨੂੰ ਬਰਬਾਦ ਕੀਤਾ ਹੈ।”
ਪੀਐਮ ਮੋਦੀ ਨੇ ਕਿਹਾ, “ਖੜਗਪੁਰ ‘ਚ ਇੰਨਾ ਲੰਬਾ ਪਲੇਟਫ਼ਾਰਮ ਹੈ। ਦੇਸ਼ ਦੀ ਪਹਿਲੀ ਆਈਆਈਟੀ ਇਸ ਦਾ ਮਾਣ ਵਧਾਉਂਦੀ ਹੈ। ਇੱਥੋਂ ਦੇ ਲੋਕਾਂ ਨੇ ਭਾਰਤੀ ਰੇਲਵੇ ਨੂੰ ਮਜ਼ਬੂਤ ਕਰਨ ‘ਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਤੁਸੀਂ ਕਾਂਗਰਸ ਦੇ ਕਾਰਨਾਮੇ ਵੇਖੇ ਹਨ, ਖੱਬੇਪੱਖੀਆਂ ਦਾ ਵਿਨਾਸ਼ ਵੇਖਿਆ ਹੈ ਅਤੇ ਟੀਐਮਸੀ ਨੇ ਕਿਵੇਂ ਤੁਹਾਡੇ ਸੁਪਨਿਆਂ ਨੂੰ ਕੁਚਲਿਆ ਹੈ, ਇਹ ਵੀ ਵੇਖਿਆ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ 70 ਸਾਲਾਂ ਤੋਂ ਬਹੁਤਿਆਂ ਨੂੰ ਵੇਖਿਆ ਹੈ, ਅਸੀਂ ਵਾਅਦਾ ਕਰਦੇ ਹਾਂ ਕਿ ਇਕ ਵਾਰ ਅਸ਼ੀਰਵਾਦ ਦਿਓ, ਅਸੀਂ ਆਪਣੀ ਜਾਨ ਲਗਾ ਕੇ ਤੁਹਾਡੀ ਸੇਵਾ ਕਰਾਂਗੇ।”
ਪੀਐਮ ਮੋਦੀ ਨੇ ਕਿਹਾ, “ਜੇਕਰ ਕੇਂਦਰ ਦੇ ਨਾਲ-ਨਾਲ ਸੂਬੇ ‘ਚ ਵੀ ਭਾਜਪਾ ਦੀ ਸਰਕਾਰ ਹੋਵੇਗੀ ਤਾਂ ਇਹ ਫ਼ਾਇਦੇਮੰਦ ਹੋਵੇਗਾ। ਜਦੋਂ ਬੰਗਾਲ ਤੇ ਦਿੱਲੀ ਦੀ ਡਬਲ ਇੰਜਨ ਵਾਲੀ ਤਾਕਤ ਇਕੱਠੀ ਹੋਵੇਗੀ ਤਾਂ ਹੀ ਬੰਗਾਲ ਬਰਾਬਦੀ ‘ਚੋਂ ਬਾਹਰ ਨਿਕਲ ਸਕੇਗਾ। ਅਸੀਂ ‘ਸਬ ਕਾ ਸਾਥ, ਸਬ ਕਾ ਵਿਕਾਸ ਅਤੇ ਸਬ ਕਾ ਵਿਸ਼ਵਾਸ’ ਦੇ ਮੰਤਰ ਨਾਲ ਕੰਮ ਕਰ ਰਹੇ ਹਾਂ। ਪਰ ਪੱਛਮ ਬੰਗਾਲ ‘ਚ ਵਿਕਾਸ ਦੀ ਹਰੇਕ ਯੋਜਨਾ ਅੱਗੇ ਮਮਤਾ ਦੀਦੀ ਕੰਧ ਬਣ ਕੇ ਖੜ੍ਹੀ ਹੋ ਗਈ ਹੈ। ਤੁਸੀਂ ਦੀਦੀ ‘ਤੇ ਵਿਸ਼ਵਾਸ ਕੀਤਾ ਸੀ, ਪਰ ਦੀਦੀ ਨੇ ਤੁਹਾਨੂੰ ਧੋਖਾ ਦਿੱਤਾ।”
ਪ੍ਰਧਾਨ ਮੰਤਰੀ ਨੇ ਸ਼ਯਾਮਾ ਪ੍ਰਸਾਦ ਮੁਖਰਜੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਜਨਸੰਘ ਦੀ ਇਕ ਪਾਰਟੀ ਹੈ। ਜਨ ਸੰਘ ਦੇ ਪਿਤਾ ਸ਼ਿਆਮਾ ਪ੍ਰਸਾਦ ਮੁਖਰਜੀ ਸਨ, ਜੋ ਇਸ ਬੰਗਾਲ ਦੇ ਪੁੱਤਰ ਸਨ। ਅਜਿਹੇ ‘ਚ ਜੇ ਇੱਥੇ ਕੋਈ ਅਸਲ ‘ਚ ਬੰਗਾਲ ਦੀ ਪਾਰਟੀ ਹੈ ਤਾਂ ਉਹ ਭਾਜਪਾ ਹੈ। ਭਾਜਪਾ ਦੇ ਡੀਐਨਏ ‘ਚ ਆਸ਼ੂਤੋਸ਼ ਮੁਖਰਜੀ ਅਤੇ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਨੈਤਿਕਤਾ ਅਤੇ ਕਦਰਾਂ-ਕੀਮਤਾਂ ਹਨ। ਅਸੀਂ ਨਾ ਸਿਰਫ਼ ਬੰਗਾਲ ‘ਚ ਕਮਲ ਖਿਡਾਉਣਾ ਚਾਹੁੰਦੇ ਹਾਂ, ਸਗੋਂ ਇੱਥੋਂ ਦੇ ਲੋਕਾਂ ਦਾ ਭਵਿੱਖ ਉਜਵਲ ਬਣਾਉਣਾ ਚਾਹੁੰਦੇ ਹਾਂ।

Video Ad

ਲੋਕ ਦੀਦੀ ਤੋਂ 10 ਸਾਲ ਦਾ ਹਿਸਾਬ ਮੰਗ ਰਹੇ ਹਨ :
ਪ੍ਰਧਾਨ ਮੰਤਰੀ ਨੇ ਕਿਹਾ, “ਦੀਦੀ ਦੀ ਪਾਰਟੀ ਬੇਰਹਿਮੀ ਦਾ ਸਕੂਲ ਹੈ। ਇਸ ਸਕੂਲ ਦਾ ਸਿਲੇਬਸ ਤੋਲਾਬਾਜ਼ੀ, ਕਟਮਨੀ, ਭ੍ਰਿਸ਼ਟਾਚਾਰ ਹੈ। ਇੱਥੇ ਪੜ੍ਹਾਈ ਦੀ ਕੀ ਹਾਲਤ ਹੈ? ਖੜਗਪੁਰ ਦੇ ਲੋਕ ਬਿਹਤਰ ਜਾਣਦੇ ਹਨ। ਦੀਦੀ ਕਹਿ ਰਹੀ ਹੈ ‘ਖੇਲਾ ਹੋਬੇ’। ਬੰਗਾਲ ਕਹਿ ਰਿਹਾ ਹੈ ‘ਖੇਲਾ ਬੰਦ ਹੋਬੇ, ਵਿਕਾਸ ਸ਼ੁਰੂ ਹੋਬੇ’। ਅੱਜ ਬੰਗਾਲ ਦੇ ਲੋਕ ਦੀਦੀ ਤੋਂ 10 ਸਾਲ ਦਾ ਹਿਸਾਬ ਮੰਗ ਰਹੇ ਹਨ, ਪਰ ਉਹ ਜਵਾਬ ਦੇਣ ਦੀ ਬਜਾਏ ਉਨ੍ਹਾਂ ਨੂੰ ਤਸੀਹੇ ਦੇ ਰਹੀ ਹੈ।

ਬੰਗਾਲ ਸਰਕਾਰ ਨੇ ਸਿਰਫ਼ ‘ਮਾਫ਼ੀਆ ਉਦਯੋਗ’ ਚਲਾਉਣ ਦੀ ਮਨਜ਼ੂਰੀ ਦਿੱਤੀ
ਮੋਦੀ ਨੇ ਕਿਹਾ ਕਿ ਇਕ ਪਾਸੇ ਦੇਸ਼ ਲਗਾਤਾਰ ਸਿੰਗਲ ਵਿੰਡੋ ਸਿਸਟਮ ਵੱਲ ਵੱਧ ਰਿਹਾ ਹੈ। ਬੰਗਾਲ ‘ਚ ਪਾਈਪੋ ਸਿੰਗਲ ਵਿੰਡੋ ਸਿਸਟਮ ਹੈ। ਇੱਥੇ ਇਸ ਵਿੰਡੋ ‘ਚੋਂ ਲੰਘੇ ਬਗੈਰ ਕੁਝ ਵੀ ਨਹੀਂ ਹੋ ਸਕਦਾ। ਪਿਛਲੇ ਸਾਲਾਂ ‘ਚ ਤ੍ਰਿਣਮੂਲ ਸਰਕਾਰ ਨੇ ਉਹ ਸਭ ਕੁਝ ਕੀਤਾ, ਜੋ ਇੱਥੇ ਰੁਜ਼ਗਾਰ ਨੂੰ ਖਤਮ ਕਰਨ ਵਾਲਾ ਹੋਵੇ। ਇੱਥੇ ਤ੍ਰਿਣਮੂਲ ਦੀਆਂ ਨੀਤੀਆਂ ਕਾਰਨ ਕਈ ਉਦਯੋਗ ਬੰਦ ਹੋ ਗਏ। ਇੱਥੇ ਸਿਰਫ਼ ਇਕ ਉਦਯੋਗ ਨੂੰ ਚੱਲਣ ਦੀ ਮਨਜ਼ੂਰੀ ਦਿੱਤੀ ਗਈ ਹੈ, ਉਹ ਹੈ ‘ਮਾਫੀਆ ਉਦਯੋਗ’। ਬੰਗਾਲ ‘ਚ ਭਾਜਪਾ ਦੇ ਸੱਤਾ ‘ਚ ਆਉਣ ਤੋਂ ਬਾਅਦ ਇਨ੍ਹਾਂ ਸਾਰਿਆਂ ‘ਤੇ ਕਾਰਵਾਈ ਕੀਤੀ ਜਾਵੇਗੀ।

ਦੀਦੀ ਨੂੰ ਲੋਕਤੰਤਰ ਨੂੰ ਕੁਚਲਣ ਨਹੀਂ ਦਿਆਂਗੇ :
ਬੰਗਾਲ ‘ਚ ਬੂਥਾਂ ‘ਤੇ ਕਬਜ਼ਾ ਕਰਨ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਨੇ ਵੋਟ ਪਾਉਣ ਦੀ ਅਨਮੋਲ ਸ਼ਕਤੀ ਦਿੱਤੀ ਹੈ, ਪਰ ਬੰਗਾਲ ‘ਚ ਮਮਤਾ ਦੀਦੀ ਤੁਹਾਡੇ ਵੋਟ ਦੇ ਅਧਿਕਾਰ ਨੂੰ ਖੋਹ ਰਹੀ ਹੈ। ਉਸ ਨੂੰ ਲੁੱਟਿਆ ਜਾਂਦਾ ਹੈ। ਪੰਚਾਇਤੀ ਚੋਣਾਂ ‘ਚ ਦੀਦੀ ਵੱਲੋਂ ਇਸ ਅਧਿਕਾਰ ਨੂੰ ਕੁਚਲਣ ਦੇ ਤਰੀਕੇ ਨੂੰ ਪੂਰੀ ਦੁਨੀਆਂ ਨੇ ਵੇਖਿਆ, ਪਰ ਮੈਂ ਬੰਗਾਲ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਦੀਦੀ ਨੂੰ ਲੋਕਤੰਤਰ ਨੂੰ ਕੁਚਲਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।

Video Ad