
ਕੋਲਕਾਤਾ, 30 ਮਾਰਚ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ‘ਚ ਦੂਜੇ ਗੇੜ ਦੇ ਚੋਣ ਪ੍ਰਚਾਰ ਦਾ ਮੰਗਲਵਾਰ ਨੂੰ ਅੰਤਮ ਦਿਨ ਸੀ। ਦੂਜੇ ਗੇੜ ‘ਚ ਸੂਬੇ ਦੀ ਸਭ ਤੋਂ ਹੌਟ ਸੀਟ ਨੰਦੀਗ੍ਰਾਮ ‘ਚ ਚੋਣ ਹੋਣੀ ਹੈ। ਇੱਥੇ ਮੁਕਾਬਲਾ ਮਮਤਾ ਬੈਨਰਜੀ ਅਤੇ ਸੁਭੇਂਦੁ ਅਧਿਕਾਰੀ ਵਿਚਕਾਰ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਸੁਭੇਂਦੁ ਅਧਿਕਾਰੀ ਦੇ ਸਮਰਥਨ ‘ਚ ਚੋਣ ਪ੍ਰਚਾਰ ਕੀਤਾ।
ਨੰਦੀਗ੍ਰਾਮ ‘ਚ ਮਮਤਾ ਸਰਕਾਰ ‘ਤੇ ਚੁਟਕੀ ਲੈਂਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਨੰਦੀਗ੍ਰਾਮ ਦੇ ਲੋਕਾਂ ਨੇ ਰੋਡ ਸ਼ੋਅ ‘ਚ ਜੋ ਬੇਮਿਸਾਲ ਉਤਸ਼ਾਹ ਵਿਖਾਇਆ ਹੈ, ਇਹ ਨਿਸ਼ਚਿਤ ਹੈ ਕਿ ਭਾਜਪਾ ਉਮੀਦਵਾਰ ਸੁਭੇਂਦੁ ਅਧਿਕਾਰੀ ਬਹੁਤ ਵੱਡੇ ਫਰਕ ਨਾਲ ਜਿੱਤਣ ਜਾ ਰਹੇ ਹਨ। ਅਮਿਤ ਸ਼ਾਹ ਨੇ ਕਿਹਾ, “ਇੱਥੇ ਜਿਹੜੇ ਲੋਕਾਂ ਅਤੇ ਕਾਰਕੁਨਾਂ ਨਾਲ ਗੱਲਬਾਤ ਹੋਈ ਹੈ, ਉਨ੍ਹਾਂ ਸਾਰਿਆਂ ਦਾ ਮੰਨਣਾ ਹੈ ਕਿ ਪਰਿਵਰਤਨ ਤਾਂ ਪੂਰੇ ਬੰਗਾਲ ‘ਚ ਕਰਨਾ ਹੈ, ਪਰ ਪੂਰੇ ਬੰਗਾਲ ‘ਚ ਪਰਿਵਰਤਨ ਦਾ ਅਸਾਨ ਰਸਤਾ ਇਹੀ ਹੈ ਕਿ ਮਮਤਾ ਦੀਦੀ ਨੂੰ ਨੰਦੀਗ੍ਰਾਮ ‘ਚ ਹਰਾ ਦਿਓ। ਜਿੱਥੇ ਮਮਤਾ ਦੀਦੀ ਰਹਿੰਦੀ ਹੈ, ਉਸ ਇਲਾਕੇ ਦੇ 5 ਕਿਲੋਮੀਟਰ ਦੇ ਘੇਰੇ ‘ਚ ਇਕ ਬਲਾਤਕਾਰ ਦੀ ਘਟਨਾ ਵਾਪਰੀ। ਮੈਂ ਮਮਤਾ ਦੀਦੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਹ ਔਰਤਾਂ ਦੀ ਸੁਰੱਖਿਆ ਦੀ ਗੱਲ ਕਰਦੇ ਹਨ, ਜਦੋਂ ਤੁਸੀਂ ਨੰਦੀਗ੍ਰਾਮ ‘ਚ ਹੋ, ਉਸ ਸਮੇਂ ਅਜਿਹੀ ਘਟਨਾ ਵਾਪਰਦੀ ਹੈ ਤਾਂ ਬੰਗਾਲ ਦੀ ਸੁਰੱਖਿਆ ਦਾ ਕੀ ਹੋਵੇਗਾ?”
ਅਮਿਤ ਸ਼ਾਹ ਨੇ ਕਿਹਾ, “ਕੁਝ ਦਿਨ ਪਹਿਲਾਂ ਇਕ ਭਾਜਪਾ ਵਰਕਰ ਦੀ ਬਜ਼ੁਰਗ ਮਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈ। ਬੀਤੇ ਦਿਨੀਂ ਉਸ ਮਾਂ ਦੀ ਮੌਤ ਹੋ ਗਈ ਹੈ। ਫਿਰ ਵੀ ਮਮਤਾ ਦੀਦੀ ਔਰਤਾਂ ਦੀ ਸੁਰੱਖਿਆ ਦੀ ਗੱਲ ਕਰਦੀ ਹੈ, ਇਹ ਬੰਗਾਲ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਮੈਂ ਅੱਜ ਨੰਦੀਗ੍ਰਾਮ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਤੁਹਾਨੂੰ ਸਿਰਫ਼ ਸੁਭੇਂਦੁ ਅਧਿਕਾਰੀ ਨੂੰ ਜਿਤਾਉਣਾ ਹੀ ਨਹੀਂ ਹੈ, ਸਗੋਂ ਇੰਨੇ ਮਜ਼ਬੂਤ ਬਹੁਮਤ ਨਾਲ ਜਿਤਾਉਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨਾ ਕਿਸੇ ਵੀ ਰਾਜਨੇਤਾ ਲਈ ਅਸੰਭਵ ਹੋ ਜਾਵੇ।”
ਅਮਿਤ ਸ਼ਾਹ ਨੇ ਕਿਹਾ, “ਹਰ ਕੋਈ ਇਸ ਮੂਡ ‘ਚ ਹੈ ਕਿ ਪੂਰੇ ਬੰਗਾਲ ‘ਚ ਪਰਿਵਰਤਨ ਕਰਨਾ ਪਵੇਗਾ, ਪਰ ਪੂਰੇ ਬੰਗਾਲ ਨੂੰ ਬਦਲਣ ਦਾ ਇਕ ਸੌਖਾ ਤਰੀਕਾ ਹੈ, ਮਮਤਾ ਦੀਦੀ ਨੂੰ ਨੰਦੀਗ੍ਰਾਮ ‘ਚ ਹਰਾ ਦਿਓ, ਇਹ ਆਪਣੇ ਆਪ ‘ਚ ਪੂਰੇ ਬੰਗਾਲ ਨੂੰ ਬਦਲ ਦੇਵੇਗਾ।”
ਇਸ ਦੌਰੈਾਨ ਮਮਤਾ ਬੈਨਰਜੀ ਨੇ ਵੀ ਨੰਦੀਗ੍ਰਾਮ ‘ਚ ਰੋਡ ਸ਼ੋਅ ਕੀਤਆ। ਜਦੋਂ ਮਮਤਾ ਬੈਨਰਜੀ ਦੇ ਰੋਡ ਸ਼ੋਅ ਦਾ ਕਾਫ਼ਲਾ ਅਮਿਤ ਸ਼ਾਹ ਦੇ ਰੋਡ ਸ਼ੋਅ ਵਾਲੀ ਥਾਂ ਕੋਲੋਂ ਲੰਘਿਆ ਤਾਂ ਭਾਜਪਾ ਵਰਕਰਾਂ ਨੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਗਾਏ।