
ਕੋਲਕਾਤਾ, 28 ਜੁਲਾਈ, ਹ.ਬ. : ਪੱਛਮੀ ਬੰਗਾਲ ਦੇ ਅਧਿਆਪਕ ਭਰਤੀ ਘੁਟਾਲੇ ਵਿੱਚ ਮਮਤਾ ਦੇ ਮੰਤਰੀ ਪਾਰਥ ਦੀ ਕਰੀਬੀ ਅਰਪਿਤਾ ਮੁਖਰਜੀ ਦੇ ਦੂਜੇ ਘਰ ਤੋਂ 29 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਇਸ ਦੇ ਨਾਲ ਹੀ 5 ਕਿਲੋ ਸੋਨਾ ਵੀ ਜ਼ਬਤ ਕੀਤਾ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੁੱਧਵਾਰ ਨੂੰ ਬੇਲਘਾਰੀਆ ਸਥਿਤ ਉਸਦੇ ਦੂਜੇ ਫਲੈਟ ’ਤੇ ਕਰੀਬ 18 ਘੰਟਿਆਂ ਤੱਕ ਛਾਪੇਮਾਰੀ ਕੀਤੀ।ਈਡੀ ਦੇ ਸੂਤਰਾਂ ਮੁਤਾਬਕ ਅਰਪਿਤਾ ਦੇ ਫਲੈਟ ਤੋਂ 3 ਡਾਇਰੀਆਂ ਵੀ ਮਿਲੀਆਂ ਹਨ, ਜਿਨ੍ਹਾਂ ’ਚ ਕੋਡਵਰਡ ’ਚ ਲੈਣ-ਦੇਣ ਦਰਜ ਹੈ। ਜਾਂਚ ਏਜੰਸੀ ਨੇ ਘਰ ’ਚੋਂ 2600 ਪੰਨਿਆਂ ਦਾ ਦਸਤਾਵੇਜ਼ ਵੀ ਬਰਾਮਦ ਕੀਤਾ ਹੈ, ਜਿਸ ’ਚ ਪਾਰਥ ਅਤੇ ਅਰਪਿਤਾ ਦੀ ਸਾਂਝੀ ਜਾਇਦਾਦ ਦਾ ਜ਼ਿਕਰ ਹੈ। 23 ਜੁਲਾਈ ਨੂੰ 21 ਕਰੋੜ ਰੁਪਏ ਦੀ ਨਕਦੀ ਮਿਲੀ ਸੀ। 23 ਜੁਲਾਈ ਨੂੰ ਵੀ ਈਡੀ ਨੇ ਮੰਤਰੀ ਪਾਰਥ ਚੈਟਰਜੀ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਅਰਪਿਤਾ ਦੇ ਘਰੋਂ 21 ਕਰੋੜ ਰੁਪਏ ਨਕਦ ਅਤੇ 1 ਕਰੋੜ ਰੁਪਏ ਦੇ ਗਹਿਣੇ ਮਿਲੇ ਹਨ। ਇੱਕ ਕਮਰੇ ਵਿੱਚ 500 ਅਤੇ 2000 ਰੁਪਏ ਦੇ ਨੋਟਾਂ ਦੇ ਕਈ ਬੰਡਲ ਬੋਰੀਆਂ ਵਿੱਚ ਭਰੇ ਹੋਏ ਸਨ।