Home ਤਾਜ਼ਾ ਖਬਰਾਂ ਬੱਸ ’ਚ ਟਰੇਲਰ ਨੇ ਮਾਰੀ ਟੱਕਰ, 6 ਮੌਤਾਂ

ਬੱਸ ’ਚ ਟਰੇਲਰ ਨੇ ਮਾਰੀ ਟੱਕਰ, 6 ਮੌਤਾਂ

0
ਬੱਸ ’ਚ ਟਰੇਲਰ ਨੇ ਮਾਰੀ ਟੱਕਰ, 6 ਮੌਤਾਂ

ਅਯੋਧਿਆ, 23 ਮਾਰਚ (ਹਮਦਰਦ ਨਿਊਜ਼ ਸਰਵਿਸ) : ਯੂਪੀ ਦੇ ਅਯੋਧਿਆ ’ਚ ਇੱਕ ਟਰੇਲਰ ਨੇ ਇੱਕ ਬੱਸ ਵਿੱਚ ਟੱਕਰ ਮਾਰ ਦਿੱਤੀ, ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਇਹ ਭਿਆਨਕ ਸੜਕ ਹਾਦਸਾ ਰੌਜਾ ਪਿੰਡ ਦੇ ਓਵਰਬ੍ਰਿਜ ’ਤੇ ਵਾਪਰਿਆ।
ਪੁਲਿਸ ਨੇ ਦੱਸਿਆ ਕਿ ਰੋਡਵੇਜ਼ ਦੀਆਂ ਦੋ ਬੱਸਾਂ ਕਾਨਪੁਰ ਤੋਂ ਬਸਤੀ ਜਾ ਰਹੀਆਂ ਸਨ। ਇਸੇ ਦੌਰਾਨ ਐਨਐਚ-27 ਦੇ ਰੌਜਾ ਪਿੰਡ ਦੇ ਨੇੜੇ ਓਵਰਬ੍ਰਿਜ ’ਤੇ ਇੱਕ ਡੀਸੀਐਮ ਨੇ ਪਿੱਛੇ ਚੱਲ ਰਹੀ ਇੱਕ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਅੱਗੇ ਜਾ ਰਹੀ ਬੱਸ ਵੀ ਰੁਕ ਗਈ। ਇਸ ਮਗਰੋਂ ਦੋਵਾਂ ਬੱਸਾਂ ਦੇ ਡਰਾਈਵਰ ਅਤੇ ਕੰਡਕਟਰ ਹੇਠ ਉਤਰ ਕੇ ਹਾਦਸਾਗ੍ਰਸਤ ਬੱਸ ਨੂੰ ਦੇਖਣ ਲੱਗ ਪਏ। ਉਸੇ ਸਮੇਂ ਇੱਕ ਤੇਜ਼ ਰਫ਼ਤਾਰ ਟਰੇਲਰ ਨੇ ਹਾਦਸੇ ਦਾ ਸ਼ਿਕਾਰ ਹੋਈ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ 4 ਹੋਰਨਾਂ ਨੇ ਇਲਾਜ ਦੌਰਾਨ ਹਸਪਤਾਲ ਵਿੱਚ ਦਮ ਤੋੜ ਦਿੱਤਾ। ਹਾਦਸੇ ਵਿੱਚ ਜ਼ਖਮੀ ਹੋਈ ਦੋ ਹੋਰ ਵਿਅਕਤੀਆਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ।
ਅਯੋਧਿਆ ’ਚ ਹੋਏ ਇਸ ਹਾਦਸੇ ’ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਡੂੰਘਾ ਦੁਖ ਜਤਾਇਆ ਹੈ। ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਮੌਕੇ ’ਤੇ ਰਹਿ ਕੇ ਪੀੜਤਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ। ਉੱਧਰ ਰੋਡਵੇਜ਼ ਵਿਭਾਗ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਨਾਲ ਹੀ ਦੋਵਾਂ ਜ਼ਖਮੀਆਂ ਦੇ ਇਲਾਜ ਦਾ ਖਰਚ ਵੀ ਚੁੱਕਣ ਦੀ ਗੱਲ ਆਖੀ ਹੈ।