
ਨਵੀਂ ਦਿੱਲੀ, 19 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਟੀਕੇ ਬਾਰੇ ਲੋਕ ਸਭਾ ‘ਚ ਪੁੱਛੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਟੀਕੇ ਬਾਰੇ ਕੋਈ ਗਲਤ ਧਾਰਨਾ ਨਹੀਂ ਹੋਣੀ ਚਾਹੀਦੀ। ਐਨਸੀਪੀ ਦੀ ਸੰਸਦ ਮੈਂਬਰ ਸੁਪ੍ਰੀਆ ਸੁਲੇ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ‘ਚ ਸਿਹਤ ਮੰਤਰੀ ਨੇ ਕਿਹਾ, “ਹਰ ਟੀਕਾਕਰਣ ਨੂੰ ਵਿਸ਼ਵ ਪੱਧਰੀ ਟੀਕਾਕਰਨ ਦੀ ਜ਼ਰੂਰਤ ਨਹੀਂ ਹੈ। ਅਸੀਂ ਸਿਹਤ ਸੰਭਾਲ ਕਰਮਚਾਰੀਆਂ, ਫਿਰ ਬਜ਼ੁਰਗ ਨਾਗਰਿਕ ਅਤੇ 45 ਤੋਂ 59 ਸਾਲਾਂ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਪਹਿਲ ਦੇ ਅਧਾਰ ‘ਤੇ ਟੀਕੇ ਲਗਾ ਰਹੇ ਹਾਂ। ਇਸ ‘ਚ ਹੋਰ ਵਾਧਾ ਕੀਤਾ ਜਾਵੇਗਾ। ਇਹ ਸਭ ਮਾਹਰਾਂ ਦੀ ਰਾਇ ‘ਤੇ ਅਧਾਰਤ ਹੈ। ਨਾ ਸਿਰਫ਼ ਭਾਰਤੀ ਮਾਹਰ, ਸਗੋਂ ਅਸੀਂ ਡਬਲਿਯੂਐਚਓ ਦੇ ਦੇ ਦਿਸ਼ਾ-ਨਿਰਦੇਸ਼ਾਂ ਬਾਰੇ ਵੀ ਸਲਾਹ ਮਸ਼ਵਰਾ ਕੀਤਾ ਹੈ।”
ਹਰਸ਼ਵਰਧਨ ਨੇ ਕਿਹਾ, “ਵੈਕਸੀਨ ਕਿਸੇ ਵੀ ਬੀਮਾਰੀ ਤੋਂ ਬਚਾਅ ਅਤੇ ਇਨ੍ਹਾਂ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ‘ਚ ਮਦਦ ਕਰਦੇ ਹਨ। ਦੁਨੀਆਂ ਭਰ ‘ਚ ਕਿਸੇ ਵੀ ਵੈਕਸੀਨ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਪਹਿਲਾਂ ਇਨ੍ਹਾਂ ਦਾ ਵਿਗਿਆਨੀ ਪ੍ਰੀਖਣ ਹੁੰਦਾ ਹੈ। ਪ੍ਰੀਖਣ ਦੇ ਨਤੀਜਿਆਂ ਦੇ ਆਧਾਰ ‘ਤੇ ਮਾਹਰ ਕਮੇਟੀ ਇਸ ਦਾ ਵਿਸ਼ਲੇਸ਼ਣ ਕਰਦੀ ਹਨ।”
ਹਰਸ਼ਵਰਧਨ ਨੇ ਕਿਹਾ, “ਟੀਕਿਆਂ ਨੂੰ ਮਨਜ਼ੂਰੀ ਦੇਣ ‘ਚ ਵਿਸ਼ਵ ਸਿਹਤ ਸੰਗਠਨ ਵਰਗੇ ਅੰਤਰਰਾਸ਼ਟਰੀ ਸੰਗਠਨ ਦੀ ਭੂਮਿਕਾ ਹੁੰਦੀ ਹੈ। ਜਦੋਂ ਪੂਰੀ ਦੁਨੀਆ ਕੋਰੋਨਾ ਦੇ ਇਨ੍ਹਾਂ ਟੀਕਿਆਂ ‘ਤੇ ਭਰੋਸਾ ਕਰ ਰਹੀ ਹੈ ਅਤੇ ਸਰਕਾਰ ਇਸ ਨੂੰ ਸਾਰਿਆਂ ਲਈ ਉਪਲੱਬਧ ਕਰਵਾ ਰਹੀ ਹੈ ਤਾਂ ਭਰਮ ਤੋਂ ਬਾਹਰ ਆ ਕੇ ਸਾਰਿਆਂ ਨੂੰ ਇਹ ਲਗਵਾਉਣਾ ਚਾਹੀਦਾ।”
ਪ੍ਰਧਾਨ ਮੰਤਰੀ ਨੇ ਕੋਵਿਡ-19 ਦੀ ‘ਦੂਜੀ ਲਹਿਰ’ ਨੂੰ ਰੋਕਣ ਦੀ ਅਪੀਲ ਕੀਤੀ ਸੀ
ਕੋਰੋਨਾ ਵਾਇਰਸ ਦੇ ਰੋਜ਼ਾਨਾ ਮਾਮਲਿਆਂ ‘ਚ ਵਾਧੇ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕੋਵਿਡ-19 ਦੀ ‘ਦੂਜੀ ਲਹਿਰ’ ਨੂੰ ਰੋਕਣ ਲਈ ‘ਤੇਜ਼ ਅਤੇ ਫ਼ੈਸਲਾਕੁੰਨ’ ਕਦਮ ਚੁੱਕਣ ਦੀ ਗੱਲ ਕਹੀ ਸੀ। ਇਸ ਦੌਰਾਨ ਇਕ ਉੱਚ ਅਧਿਕਾਰੀ ਨੇ ਕਿਹਾ ਸੀ ਕਿ ਕੋਵਿਸ਼ੀਲਡ ਟੀਕੇ ਦੀ ਵਰਤੋਂ ਨੂੰ ਲੈ ਕੇ ਦੇਸ਼ ‘ਚ ‘ਚਿੰਤਾ ਦੇ ਕੋਈ ਸੰਕੇਤ’ ਨਹੀਂ ਹਨ।