Home ਭਾਰਤ ਭਾਜਪਾ ਆਗੂਆਂ ਨੂੰ ਕਿਸਾਨਾਂ ਦੀ ਚਿਤਾਵਨੀ – ਸਮਰਥਨ ਕਰੋ ਜਾਂ ਇਸ ਐਕਸ਼ਨ ਲਈ ਰਹੋ ਤਿਆਰ

ਭਾਜਪਾ ਆਗੂਆਂ ਨੂੰ ਕਿਸਾਨਾਂ ਦੀ ਚਿਤਾਵਨੀ – ਸਮਰਥਨ ਕਰੋ ਜਾਂ ਇਸ ਐਕਸ਼ਨ ਲਈ ਰਹੋ ਤਿਆਰ

0
ਭਾਜਪਾ ਆਗੂਆਂ ਨੂੰ ਕਿਸਾਨਾਂ ਦੀ ਚਿਤਾਵਨੀ – ਸਮਰਥਨ ਕਰੋ ਜਾਂ ਇਸ ਐਕਸ਼ਨ ਲਈ ਰਹੋ ਤਿਆਰ

ਨਵੀਂ ਦਿੱਲੀ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਰਾਜਸਥਾਨ ਦੇ ਹਨੂੰਮਾਨਗੜ੍ਹ ‘ਚ ਭਾਜਪਾ ਦੇ ਸੰਸਦ ਮੈਂਬਰ ਨਿਹਾਲਚੰਦ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਮੀਟਿੰਗ ਵਿੱਚ ਆਉਣਾ ਸੀ, ਜਿਥੇ ਵੱਡੀ ਗਿਣਤੀ ‘ਚ ਕਿਸਾਨ ਇਕੱਠੇ ਹੋਏ ਸਨ। ਇਸ ਤੋਂ ਬਾਅਦ ਭਾਜਪਾ ਦੇ ਸੰਸਦ ਮੈਂਬਰ ਮੀਟਿੰਗ ‘ਚ ਨਹੀਂ ਆਏ। ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਭਾਜਪਾ ਆਗੂਆਂ ਕੋਲ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਹੈ, ਇਸ ਕਰਕੇ ਉਹ ਲੋਕਾਂ ਤੋਂ ਬਚਣ ਦੇ ਰਾਹ ਲੱਭਦੇ ਫਿਰਦੇ ਹਨ। ਮੰਗਲਵਾਰ ਨੂੰ ਫਗਵਾੜਾ ਵਿਖੇ ਵੀ ਭਾਜਪਾ ਆਗੂ ਵਿਜੈ ਸਾਪਲਾਂ ਦਾ ਵੀ ਕਿਸਾਨਾਂ ਵਲੋਂ ਘਿਰਾਓ ਕੀਤਾ ਗਿਆ। ਜਦੋਂ ਤੋਂ ਕੇਂਦਰ ਸਰਕਾਰ ਵੱਲੋਂ ਤਿੰਨ ਕਿਸਾਨ ਵਿਰੋਧੀ ਕਾਨੂੰਨ ਲਾਗੂ ਕੀਤੇ ਗਏ ਹਨ, ਉਦੋਂ ਤੋਂ ਹੀ ਕਿਸਾਨ ਉਨ੍ਹਾਂ ਵਿਰੁੱਧ ਸੰਘਰਸ਼ ਕਰਦੇ ਆ ਰਹੇ ਹਨ।

ਸੰਯੁਕਤ ਕਿਸਾਨ ਮੋਰਚਾ ਨੇ ਭਾਜਪਾ ਲੀਡਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜਾਂ ਤਾਂ ਉਹ ਕਿਸਾਨਾਂ ਦਾ ਸਮਰਥਨ ਕਰਨ ਜਾਂ ਫਿਰ ਬਾਈਕਾਟ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੀ ਹਮਾਇਤ ਕਰਨ ਜਾਂ ਸਮਰਥਨ ਕਰਨ ਵਾਲੇ ਆਗੂਆਂ ਅਤੇ ਪਾਰਟੀਆਂ ਵਿਰੁੱਧ ਕਿਸਾਨਾਂ ਨੇ ਵਿਰੋਧ ਜਤਾਇਆ ਹੈ।

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਕਿਸਾਨਾਂ ਨੇ ਭਾਜਪਾ ਅਤੇ ਇਸ ਦੇ ਸਹਿਯੋਗੀ ਪਾਰਟੀਆਂ ਅਤੇ ਆਗੂਆਂ ਦਾ ਸਮਾਜਿਕ ਬਾਈਕਾਟ ਕੀਤਾ ਹੈ। ਦੇਸ਼ ਦੇ ਕਈ ਹਿੱਸਿਆਂ ‘ਚ ਭਾਜਪਾ ਅਤੇ ਹੋਰ ਪਾਰਟੀਆਂ ਦੇ ਆਗੂਆਂ ਨੇ ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਆਪਣੇ ਅਹੁਦੇ ਛੱਡ ਦਿੱਤੇ ਹਨ।

ਸੰਯੁਕਤ ਕਿਸਾਨ ਮੋਰਚਾ ਨੇ ਇੱਕ ਵਾਰ ਫਿਰ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨ ਸੰਘਰਸ਼ ਦੇ ਸਮਰਥਨ ਵਿੱਚ ਆਪਣੇ ਅਹੁਦੇ ਤਿਆਗ ਦੇਣ। ਬਹੁਤ ਸਾਰੇ ਆਗੂਆਂ ਨੇ ਭਾਜਪਾ ਵਿੱਚ ਹੁੰਦਿਆਂ ਵੀ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕੀਤੀ ਹੈ।