Home ਭਾਰਤ ਭਾਜਪਾ ਉਮੀਦਵਾਰ ਤੇ ਸਾਬਕਾ ਕ੍ਰਿਕਟਰ ਅਸ਼ੋਕ ਡਿੰਡਾ ‘ਤੇ ਹਮਲਾ, ਕਾਰ ਦੀ ਭੰਨਤੋੜ ਕੀਤੀ

ਭਾਜਪਾ ਉਮੀਦਵਾਰ ਤੇ ਸਾਬਕਾ ਕ੍ਰਿਕਟਰ ਅਸ਼ੋਕ ਡਿੰਡਾ ‘ਤੇ ਹਮਲਾ, ਕਾਰ ਦੀ ਭੰਨਤੋੜ ਕੀਤੀ

0
ਭਾਜਪਾ ਉਮੀਦਵਾਰ ਤੇ ਸਾਬਕਾ ਕ੍ਰਿਕਟਰ ਅਸ਼ੋਕ ਡਿੰਡਾ ‘ਤੇ ਹਮਲਾ, ਕਾਰ ਦੀ ਭੰਨਤੋੜ ਕੀਤੀ

ਕੋਲਕਾਤਾ, 30 ਮਾਰਚ (ਹਮਦਰਦ ਨਿਊਜ਼ ਸਰਵਿਸ) : ਬੰਗਾਲ ‘ਚ ਦੂਜੇ ਗੇੜ ਲਈ ਚੋਣ ਪ੍ਰਚਾਰ ਮੰਗਲਵਾਰ ਨੂੰ ਖ਼ਤਮ ਹੋ ਗਿਆ, ਪਰ ਇਸ ਦੌਰਾਨ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਅਸ਼ੋਕ ਡਿੰਡਾ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਉੱਤੇ ਹਮਲਾ ਹੋਇਆ ਹੈ। ਇਹ ਹਮਲਾ ਉਸ ਸਮੇਂ ਕੀਤਾ ਗਿਆ, ਜਦੋਂ ਉਹ ਚੋਣ ਪ੍ਰਚਾਰ ਕਰ ਰਹੇ ਸਨ। ਸਾਬਕਾ ਅੰਤਰਰਾਸ਼ਟਰੀ ਕ੍ਰਿਕਟਰ ਅਸ਼ੋਕ ਡਿੰਡਾ ਮੋਇਨਾ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜ ਰਹੇ ਹਨ।
ਪ੍ਰਚਾਰ ਮੁਹਿੰਮ ਦੌਰਾਨ ਅਸ਼ੋਕ ਡਿੰਡਾ ਦੀ ਗੱਡੀ ਦੀ ਭੰਨਤੋੜ ਕੀਤੀ ਗਈ। ਡਿੰਡਾ ਨੂੰ ਮਾਮੂਲੀ ਸੱਟ ਲੱਗੀ ਹੈ। ਡਿੰਡਾ ਨੇ ਟਵਿੱਟਰ ‘ਤੇ ਇਸ ਹਮਲੇ ਦੀ ਇਕ ਵੀਡੀਓ ਅਤੇ ਤਸਵੀਰ ਵੀ ਪੋਸਟ ਕੀਤੀ ਹੈ। ਡਿੰਡਾ ਦਾ ਦੋਸ਼ ਹੈ ਕਿ ਉਨ੍ਹਾਂ ਦੀ ਕਾਰ ਉੱਤੇ ਇੱਟਾਂ ਨਾਲ ਹਮਲਾ ਕੀਤਾ ਗਿਆ। ਅਸ਼ੋਕ ਡਿੰਡਾ ਨੇ ਟਵੀਟ ਕੀਤਾ, “ਤ੍ਰਿਣਮੂਲ ਦੇ ਲੋਕਾਂ ਨੇ ਮੰਗਲਵਾਰ ਸ਼ਾਮ 4 ਵਜੇ ਬੀਡੀਓ ਦਫ਼ਤਰ ਨੇੜੇ ਮੇਰੇ ‘ਤੇ ਹਮਲਾ ਕੀਤਾ।”
ਜ਼ਿਕਰਯੋਗ ਹੈ ਕਿ ਪੱਛਮ ਬੰਗਾਲ ‘ਚ ਲਗਾਤਾਰ ਸਿਆਸੀ ਆਗੂਆਂ ‘ਤੇ ਹਮਲੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪਹਿਲੇ ਗੇੜ ਦੀ ਵੋਟਿੰਗ ਦੌਰਾਨ ਹੁਗਲੀ ਦੀ ਤਾਰਕੇਸ਼ਵਰ ਵਿਧਾਨ ਸਭਾ ਅਧੀਨ ਜ਼ੈਡ ਪੀ-33 ਜ਼ੋਨ ਦੇ ਭਾਜਪਾ ਜਨਰਲ ਸਕੱਤਰ ਸੁਮਨ ਮੰਡਲ ਨਾਲ ਛੇੜਛਾੜ ਅਤੇ ਹਮਲਾ ਕਰਨ ਦੀ ਘਟਨਾ ਵਾਪਰੀ ਸੀ। ਸੁਮਨ ਨੇ ਤ੍ਰਿਣਮੂਲ ਦੇ ਗੁੰਡਿਆਂ ‘ਤੇ ਜਾਨਲੇਵਾ ਹਮਲੇ ਦਾ ਦੋਸ਼ ਲਗਾਇਆ ਸੀ। ਜ਼ਖਮੀ ਭਾਜਪਾ ਨੇਤਾ ਨੂੰ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ ਸੀ। ਹਮਲੇ ਦੇ ਵਿਰੋਧ ‘ਚ ਸੈਂਕੜੇ ਭਾਜਪਾ ਵਰਕਰ ਸੜਕ ‘ਤੇ ਉਤਰ ਆਏ ਸਨ।
ਵੋਟਿੰਗ ਦੌਰਾਨ ਪੂਰਵੀ ਮੇਦਨੀਪੁਰ ਜ਼ਿਲ੍ਹੇ ‘ਚ ਕਾਂਥੀ ਵਿਧਾਨ ਸਭਾ ‘ਚ ਭਾਜਪਾ ਆਗੂ ਸ਼ੁਭੇਦੁ ਅਧਿਕਾਰੀ ਦੇ ਭਰਾ ਸੋਮੇਂਦੂ ਅਧਿਕਾਰੀ ਦੀ ਕਾਰ ‘ਤੇ ਹਮਲਾ ਕੀਤਾ ਗਿਆ ਸੀ। ਰਾਹਤ ਦੀ ਗੱਲ ਸੀ ਕਿ ਉਸ ਸਮੇਂ ਸੌਮੇਂਦੂ ਅਧਿਕਾਰੀ ਕਾਰ ‘ਚ ਨਹੀਂ ਸਨ, ਇਸ ਲਈ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਸੀ।
ਇਸ ਤੋਂ ਪਹਿਲਾਂ 18 ਮਾਰਚ ਨੂੰ ਚੋਣ ਪ੍ਰਚਾਰ ਦੌਰਾਨ ਹਾਈ ਪ੍ਰੋਫਾਈਲ ਸੀਟ ਨੰਦੀਗ੍ਰਾਮ ‘ਚ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਚੋਣ ਰੈਲੀ ‘ਚ ਹਮਲਾ ਹੋਇਆ ਸੀ। ਦੋਸ਼ ਲਾਇਆ ਗਿਆ ਸੀ ਕਿ ਇਹ ਹਮਲਾ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਵਰਕਰਾਂ ਨੇ ਕੀਤਾ ਸੀ। ਇਸ ਹਮਲੇ ‘ਚ ਇਕ ਭਾਜਪਾ ਵਰਕਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ।