ਭਾਜਪਾ ਚੋਣਾਂ ਜਿੱਤਣ ਲਈ ਬੰਗਾਲ ‘ਚ ਫ਼ਿਰਕੂ ਤਣਾਅ ਪੈਦਾ ਕਰ ਰਹੀ ਹੈ : ਮਮਤਾ ਬੈਨਰਜੀ

ਕੋਲਕਾਤਾ, 3 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਨਿੱਚਰਵਾਰ ਨੂੰ ਭਾਜਪਾ ‘ਤੇ ਵਿਧਾਨ ਸਭਾ ਚੋਣਾਂ ਜਿੱਤਣ ਲਈ ਸੂਬੇ ‘ਚ ਫ਼ਿਰਕੂ ਤਣਾਅ ਪੈਦਾ ਕਰਨ ਦਾ ਦੋਸ਼ ਲਗਾਇਆ। ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਨੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਰੈਦਿਘੀ ‘ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁਸਲਮਾਨਾਂ ਨੂੰ ਹੈਦਰਾਬਾਦ ਦੀ ਭਾਜਪਾ ਦੇ ਸਮਰਥਨ ਵਾਲੀ ਪਾਰਟੀ ਅਤੇ ਉਸ ਦੀ ਬੰਗਾਲ ਦੀ ਸਹਿਯੋਗੀ ਪਾਰਟੀਆਂ ਦੇ ਜਾਲ ‘ਚ ਨਾ ਫਸਣ ਦੀ ਅਪੀਲ ਕੀਤੀ।

Video Ad

ਉਨ੍ਹਾਂ ਨੇ ਅਸਦੁਦੀਨ ਓਵੈਸੀ ਦੀ ਅਗਵਾਈ ਵਾਲੀ ਏਆਈਐਮਆਈਐਮ ਅਤੇ ਅੱਬਾਸ ਸਿਦੀਕੀ ਦੀ ਆਈਐਸਐਫ ਨੂੰ ਨਿਸ਼ਾਨਾ ਬਣਾਉਂਦਿਆਂ ਇਹ ਟਿੱਪਣੀ ਕੀਤੀ। ਓਵੈਸੀ ਤੇ ਸਿੱਦੀਕੀ ਦੋਵਾਂ ਨੇ ਪਹਿਲਾਂ ਟੀਐਮਸੀ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ। ਆਈਐਸਐਫ ਸੀਪੀਆਈ (ਐਮ) ਅਤੇ ਕਾਂਗਰਸ ਦੇ ਗੱਠਜੋੜ ਲੜ ਰਹੀ ਹੈ।

ਟੀਐਮਸੀ ਮੁਖੀ ਨੇ ਹਿੰਦੂਆਂ ਨੂੰ ਭਾਜਪਾ ਦੀਆਂ ‘ਫ਼ਿਰਕੂ ਝੜਪਾਂ ਲਈ ਉਕਸਾਉਣ’ ਦੀਆਂ ਕੋਸ਼ਿਸ਼ਾਂ ਵਿਰੁੱਧ ਖੜ੍ਹਾ ਹੋਣ ਦੀ ਵੀ ਅਪੀਲ ਕੀਤੀ। ਮਮਤਾ ਨੇ ਲੋਕਾਂ ਨੂੰ ਉਨ੍ਹਾਂ ਦੇ ਇਲਾਕਿਆਂ ’ਚ ਪ੍ਰੇਸ਼ਾਨੀ ਪੈਦਾ ਕਰਨ ਲਈ ਭੇਜੇ ਗਏ ਬਾਹਰੀ ਲੋਕਾਂ ਨੂੰ ਖਦੇੜਨ ਦੀ ਵੀ ਅਪੀਲ ਕੀਤੀ। ਆਪਣੀ ਹਿੰਦੂ ਪਛਾਣ ‘ਤੇ ਜ਼ੋਰ ਦਿੰਦਿਆਂ ਮਮਤਾ ਨੇ ਕਿਹਾ, “ਮੈਂ ਇਕ ਹਿੰਦੂ ਹਾਂ, ਜੋ ਹਰ ਰੋਜ਼ ਘਰੋਂ ਨਿਕਲਣ ਤੋਂ ਪਹਿਲਾਂ ਚੰਡੀ ਮੰਤਰ ਦਾ ਜਾਪ ਕਰਦੀ ਹਾਂ। ਪਰ ਮੈਂ ਹਰ ਧਰਮ ਦਾ ਸਨਮਾਨ ਕਰਨ ਦੀ ਆਪਣੀ ਪਰੰਪਰਾ ‘ਚ ਵਿਸ਼ਵਾਸ ਰੱਖਦੀ ਹਾਂ।”

ਦਲਿਤਾਂ ਦੇ ਘਰਾਂ ‘ਚ ਖਾਣਾ ਖਾਣ ਲਈ ਭਾਜਪਾ ਆਗੂਆਂ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ, “ਮੈਂ ਬ੍ਰਾਹਮਣ ਔਰਤ ਹਾਂ ਪਰ ਮੇਰੀ ਕਰੀਬੀ ਇਕ ਅਨੁਸੂਚਿਤ ਜਾਤੀ ਔਰਤ ਹੈ, ਜੋ ਮੇਰੀ ਹਰ ਜ਼ਰੂਰਤ ਦਾ ਖਿਆਲ ਰੱਖਦੀ ਹੈ। ਉਹ ਮੇਰੇ ਲਈ ਖਾਣਾ ਵੀ ਪਕਾਉਂਦੀ ਹੈ।” ਮਮਤਾ ਬੈਨਰਜੀ ਨੇ ਕਿਹਾ, “ਮੈਨੂੰ ਇਸ ਨੂੰ ਜਨਤਕ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਜਿਹੜੇ ਲੋਕ ਦਲਿਤਾਂ ਦੇ ਘਰ ‘ਚ ਖਾਣ ਲਈ ਪੰਜ ਸਿਤਾਰਾ ਹੋਟਲ ਤੋਂ ਖਾਣਾ ਮੰਗਵਾ ਕੇ ਖਾ ਰਹੇ ਹਨ, ਉਹ ਦਲਿਤ, ਪੱਛੜੇ ਵਰਗ ਅਤੇ ਘੱਟਗਿਣਤੀ ਵਿਰੋਧੀ ਹਨ।”

ਮਮਤਾ ਬੈਨਰਜੀ ਨੇ ਕਿਹਾ, “ਭਾਜਪਾ ਸੱਤਾ ‘ਚ ਆਉਂਦੇ ਹੀ ਸੀਏਏ-ਐਨਆਰਸੀ ਲਾਗੂ ਕਰ ਦੇਵੇਗੀ ਅਤੇ ਲੋਕਾਂ ਨੂੰ ਇਥੋਂ ਜਾਣ ਲਈ ਮਜਬੂਰ ਕਰੇਗੀ। ਭਾਜਪਾ ਵਾਲੇ ਪੱਛਮੀ ਬੰਗਾਲ ਅਤੇ ਇਸ ਦੇ ਲੋਕਾਂ ਨੂੰ ਵੰਡ ਦੇਣਗੇ। ਯਾਦ ਰਹੇ ਕਿ ਕਿਵੇਂ ਉਨ੍ਹਾਂ ਨੇ 14 ਲੱਖ ਬੰਗਾਲੀਆਂ ਅਤੇ 2 ਲੱਖ ਬਿਹਾਰੀਆਂ ਦੇ ਨਾਮ ਐਨਆਰਸੀ ਤੋਂ ਹਟਾਏ ਹਨ।”

Video Ad