ਭਾਜਪਾ ‘ਚ ਬਗਾਵਤ : ਬੰਗਾਲ ‘ਚ ਸੰਸਦ ਮੈਂਬਰਾਂ ਅਤੇ ਕੇਂਦਰੀ ਮੰਤਰੀਆਂ ਨੂੰ ਟਿਕਟ ਦੇਣ ਕਾਰਨ ਕਾਰਕੁਨ ਨਾਰਾਜ਼

ਕੋਲਕਾਤਾ, 17 ਮਾਰਜ (ਹਮਦਰਦ ਨਿਊਜ਼ ਸਰਵਿਸ) : ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ‘ਚ 200 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਭਾਜਪਾ ‘ਚ ਪਾਰਟੀ ਅੰਦਰ ਹੀ ਬਗਾਵਤ ਸ਼ੁਰੂ ਹੋ ਗਈ ਹੈ। ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਹੋਣ ਤੋਂ ਬਾਅਦ ਪਾਰਟੀ ਵਰਕਰ ਕੋਲਕਾਤਾ ਸਮੇਤ ਪੂਰੇ ਸੂਬੇ ‘ਚ ਰੋਸ ਪ੍ਰਦਰਸ਼ਨ ਕਰ ਰਹੇ ਹਨ। ਵੱਡੇ ਆਗੂਆਂ ਦਾ ਘਿਰਾਓ ਕਰ ਰਹੇ ਹਨ। ਕਈ ਥਾਵਾਂ ‘ਤੇ ਪੱਥਰਬਾਜ਼ੀ ਅਤੇ ਚੱਪਲ ਸੁੱਟਣ ਵਰਗੀਆਂ ਘਟਨਾਵਾਂ ਵੀ ਵਾਪਰੀਆਂ ਹਨ।
ਪਾਰਟੀ ਅੰਦਰ ਪੈਦਾ ਹੋਈ ਬਗਾਵਤ ਨੂੰ ਕਾਬੂ ਕਰਨ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਰਾਤ ਆਪਣੇ ਸਾਰੇ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਅਤੇ ਸੂਬਾ ਪ੍ਰਧਾਨ ਦਿਲੀਪ ਘੋਸ਼ ਅਤੇ ਹੋਰ ਆਗੂਆਂ ਨਾਲ ਮੀਟਿੰਗ ਕੀਤੀ। ਪਰ ਮੰਗਲਵਾਰ ਨੂੰ ਕਾਰਕੁਨਾਂ ਨੇ ਹੇਸਟਿੰਗਜ਼ ਸਥਿੱਤ ਭਾਜਪਾ ਦੇ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਕੇਂਦਰੀ ਲੀਡਰਸ਼ਿਪ ਨੇ ਦਿਲੀਪ ਘੋਸ਼, ਮੁਕੁਲ ਰਾਏ ਅਤੇ ਹੋਰ ਆਗੂਆਂ ਨੂੰ ਮੰਗਲਵਾਰ ਰਾਤ ਦਿੱਲੀ ਬੁਲਾਇਆ।
ਜ਼ਿਕਰਯੋਗ ਹੈ ਕਿ ਭਾਜਪਾ ਨੇ ਐਤਵਾਰ ਨੂੰ ਬੰਗਾਲ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਚੌਥੇ ਗੇੜ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ। ਤੀਜੇ ਗੇੜ ਲਈ 27 ਅਤੇ ਚੌਥੇ ਗੇੜ ਲਈ 38 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਇਸ ‘ਚ ਕੇਂਦਰੀ ਮੰਤਰੀ ਬਾਬੁਲ ਸੁਪਰੀਓ ਸਮੇਤ ਤਿੰਨ ਸੰਸਦ ਮੈਂਬਰ ਲਾਕੇਟ ਚੈਟਰਜੀ, ਸਵਪਨ ਦਾਸਗੁਪਤਾ ਅਤੇ ਨਿਸ਼ਿਤ ਪ੍ਰਮਾਣਿਕ​​ਨੂੰ ਮੈਦਾਨ ‘ਚ ਉਤਾਰਿਆ ਹੈ। ਸਵਪਨ ਦਾਸਗੁਪਤਾ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ, ਪਰ ਉਨ੍ਹਾਂ ਨੇ ਇਕ ਦਿਨ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਹੈ।
ਸੰਸਦ ਮੈਂਬਰਾਂ ਅਤੇ ਮੰਤਰੀਆਂ ਨੂੰ ਟਿਕਟ ਦੇਣ ਤੋਂ ਬਾਅਦ ਰਾਜਨੀਤਿਕ ਹਲਕਿਆਂ ‘ਚ ਇਹ ਸਵਾਲ ਖੜ੍ਹੇ ਹੋ ਰਹੇ ਹਨ ਕਿ ਜਿਹੜੀ ਪਾਰਟੀ 200 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕਰਦੀ ਹੈ, ਨੂੰ ਆਪਣੇ ਮੌਜੂਦਾ ਸੰਸਦ ਮੈਂਬਰਾਂ ਅਤੇ ਕੇਂਦਰੀ ਮੰਤਰੀ ਨੂੰ ਚੋਣ ਮੈਦਾਨ ‘ਚ ਉਤਾਰਨਾ ਪੈ ਰਿਹਾ ਹੈ। ਇਸ ਸਭ ਦੇ ਵਿਚਕਾਰ ਸਵਪਨ ਦਾਸਗੁਪਤਾ ਨੂੰ ਰਾਜ ਸਭਾ ਤੋਂ ਅਸਤੀਫ਼ਾ ਦੇਣਾ ਪਿਆ, ਕਿਉਂਕਿ ਤ੍ਰਿਣਮੂਲ ਤੋਂ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਉਨ੍ਹਾਂ ਦੀ ਉਮੀਦਵਾਰੀ ‘ਤੇ ਤਕਨੀਕੀ ਸਵਾਲ ਖੜੇ ਕੀਤੇ ਸਨ। ਸੰਸਦ ਮੈਂਬਰਾਂ ਅਤੇ ਮੰਤਰੀਆਂ ਨੂੰ ਟਿਕਟ ਮਿਲਣ ਕਾਰਨ ਜਿਹੜੇ ਲੀਡਰਾਂ ਨੂੰ ਸਾਈਡ ਲਾਈਨ ਕਰ ਦਿੱਤਾ ਗਿਆ, ਉਹ ਵੀ ਇਨ੍ਹਾਂ ਉਮੀਦਵਾਰਾਂ ਦਾ ਖੁੱਲ੍ਹ ਕੇ ਵਿਰੋਧ ਕਰ ਰਹੇ ਹਨ।
ਮੰਤਰੀ ਦਾ ਘਿਰਾਓ ਕੀਤਾ, ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ
ਐਤਵਾਰ ਨੂੰ ਭਾਜਪਾ ਵਰਕਰਾਂ ਨੇ ਸੂਬੇ ਭਰ ਦੇ ਵੱਖ-ਵੱਖ ਥਾਵਾਂ ‘ਤੇ ਰੋਸ ਪ੍ਰਦਰਸ਼ਨ ਕੀਤਾ। ਹੁਗਲੀ ਜ਼ਿਲ੍ਹੇ ਸਮੇਤ ਕੋਲਕਾਤਾ ‘ਚ ਹੇਸਟਿੰਗ ਸਥਿੱਤ ਭਾਜਪਾ ਦਫ਼ਤਰ ‘ਚ ਕਾਫ਼ੀ ਹੰਗਾਮਾ ਹੋਇਆ। ਕਾਰਕੁਨਾਂ ਨੇ ਇਹ ਵੀ ਦੋਸ਼ ਲਾਇਆ ਕਿ ਟੀਐਮਸੀ ਤੋਂ ਆਏ 89 ਸਾਲਾ ਰਬਿੰਦਰਨਾਥ ਭੱਟਾਚਾਰੀਆ ਵਰਗੇ ਦਲ-ਬਦਲੂਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਅਤੇ ਜਿਹੜੇ ਕਾਰਕੁਨ ਭਾਜਪਾ ਲਈ ਖੂਨ ਵਹਾ ਰਹੇ ਸਨ, ਉਨ੍ਹਾਂ ਨੂੰ ਬੇਦਖਲ ਕਰ ਦਿੱਤਾ ਗਿਆ। ਸਥਾਨਕ ਪਾਰਟੀ ਆਗੂ ਸੰਜੇ ਪਾਂਡੇ ਨੇ ਆਪਣੇ ਸਮਰਥਕਾਂ ਨਾਲ ਭੱਟਾਚਾਰੀਆ ਨੂੰ ਟਿਕਟ ਦੇਣ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਸਿਹਤ ਮੰਤਰੀ ਦਾ ਵੀ ਘਿਰਾਓ ਕੀਤਾ ਅਤੇ ਖੂਬ ਖਰੀ-ਖੋਟੀ ਸੁਣਾਈ। ਉੱਥੇ ਹੀ ਹੁਗਲੀ ਜ਼ਿਲ੍ਹੇ ਦੇ ਨਿਰੂਪਮ ਭੱਟਾਚਾਰੀਆ ਨੇ ਰੇਲਵੇ ਟਰੈਕ ‘ਤੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਮਨਾ ਲਿਆ ਗਿਆ।
ਇਕ ਦਰਜਨ ਦਲ-ਬਦਲੂਆਂ ਨੂੰ ਟਿਕਟਾਂ ਦਿੱਤੀਆਂ
ਭਾਜਪਾ ਨੇ ਹੁਣ ਤਕ ਇਕ ਦਰਜਨ ਦਲ-ਬਦਲੂਆਂ ਨੂੰ ਟਿਕਟਾਂ ਦਿੱਤੀਆਂ ਹਨ। ਇਸ ‘ਚ ਟੀਐਮਸੀ, ਸੀਪੀਐਮ ਅਤੇ ਗੋਰਖਾ ਜਨਮੁਕਤੀ ਮੋਰਚੇ ਦੇ ਆਗੂ ਸ਼ਾਮਲ ਹਨ। ਬਹੁਤ ਸਾਰੇ ਆਗੂ, ਜੋ ਤ੍ਰਿਣਮੂਲ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਹਨ, ਨੂੰ ਪਾਰਟੀ ਨੇ ਵਾਈ, ਐਕਸ ਅਤੇ ਜ਼ੈੱਡ ਸੁਰੱਖਿਆ ਵੀ ਪ੍ਰਦਾਨ ਕੀਤੀ ਹੈ। ਇਸ ‘ਚ ਨੰਦੀਗ੍ਰਾਮ ਤੋਂ ਸ਼ੁਭੇਂਦੁ ਅਧਿਕਾਰੀ, ਖੜਗਪੁਰ ਸਦਰ ਸੀਟ ਤੋਂ ਉਮੀਦਵਾਰ ਹੀਰਨਮੈ ਚੈਟਰਜੀ, ਟੀਐਮਸੀ ਤੋਂ ਆਏ ਅਸ਼ੋਕ ਡਿੰਡਾ, ਵਨਸ਼੍ਰੀ ਮਾਇਤੀ, ਵੈਸ਼ਾਲੀ ਡਾਲਮੀਆ ਵਰਗੇ ਉਮੀਦਵਾਰ ਸ਼ਾਮਲ ਹਨ।

Video Ad
Video Ad