Home ਤਾਜ਼ਾ ਖਬਰਾਂ ਭਾਜਪਾ ‘ਚ ਸ਼ਾਮਲ ਹੋਏ ਅਰੁਣ ਗੋਵਿਲ ; ਰਾਮਾਇਣ ‘ਚ ‘ਰਾਮ’ ਦੀ ਭੂਮਿਕਾ ਨਿਭਾਈ ਸੀ

ਭਾਜਪਾ ‘ਚ ਸ਼ਾਮਲ ਹੋਏ ਅਰੁਣ ਗੋਵਿਲ ; ਰਾਮਾਇਣ ‘ਚ ‘ਰਾਮ’ ਦੀ ਭੂਮਿਕਾ ਨਿਭਾਈ ਸੀ

0
ਭਾਜਪਾ ‘ਚ ਸ਼ਾਮਲ ਹੋਏ ਅਰੁਣ ਗੋਵਿਲ ; ਰਾਮਾਇਣ ‘ਚ ‘ਰਾਮ’ ਦੀ ਭੂਮਿਕਾ ਨਿਭਾਈ ਸੀ

ਨਵੀਂ ਦਿੱਲੀ, 18 ਮਾਰਚ (ਹਮਦਰਦ ਨਿਊਜ਼ ਸਰਵਿਸ) : ਮਸ਼ਹੂਰ ਟੀਵੀ ਸੀਰੀਅਲ ‘ਰਾਮਾਇਣ’ ਵਿੱਚ ‘ਰਾਮ’ ਦੀ ਭੂਮਿਕਾ ਨਿਭਾਉਣ ਵਾਲੇ ਅਰੁਣ ਗੋਵਿਲ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋ ਗਏ ਹਨ। ਵੀਰਵਾਰ ਨੂੰ ਅਰੁਣ ਗੋਵਿਲ ਨਵੀਂ ਦਿੱਲੀ ਵਿੱਚ ਭਾਜਪਾ ‘ਚ ਸ਼ਾਮਲ ਹੋਏ। ਸਾਲ 1987 ‘ਚ ਆਏ ਰਾਮਾਨੰਦ ਸਾਗਰ ਦੇ ‘ਰਮਾਇਣ’ ‘ਚ ਅਰੁਣ ਗੋਵਿਲ ‘ਰਾਮ’ ਬਣੇ ਸਨ। ਇਸ ਸ਼ੋਅ ‘ਚ ਦੀਪਿਕਾ ਚਿਖਾਲੀਆ ਨੇ ਸੀਤਾ ਦਾ ਕਿਰਦਾਰ ਨਿਭਾਇਆ ਸੀ। ਦੀਪਿਕਾ ਚਿਖਾਲੀਆ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਹਨ। ਉਨ੍ਹਾਂ ਨੇ ਦੋ ਵਾਰ ਐਮ.ਪੀ. ਦੀ ਚੋਣ ਵੀ ਜਿੱਤੀ ਸੀ।
ਅਰੁਣ ਗੋਵਿਲ ਨੇ ਵੀਰਵਾਰ ਨੂੰ ਭਾਜਪਾ ਦੀ ਮੈਂਬਰਸ਼ਿਪ ਲਈ। ਉਹ ਦਿੱਲੀ ‘ਚ ਭਾਜਪਾ ਦਫ਼ਤਰ ਵਿਖੇ ਪਾਰਟੀ ‘ਚ ਸ਼ਾਮਲ ਹੋਏ। ਇਸ ਦੌਰਾਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਮੌਜੂਦ ਸਨ। ਭਾਜਪਾ ‘ਚ ਸ਼ਾਮਲ ਹੋਣ ਤੋਂ ਪਹਿਲਾਂ ਅਦਾਕਾਰ ਅਰੁਣ ਗੋਵਿਲ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਸੀ, “ਸਾਰੀਆਂ ਵੱਡੀਆਂ ਗਲਤੀਆਂ ਦੀ ਜੜ੍ਹ ਹੰਕਾਰ ਹੈ।”
ਲੌਕਡਾਊਨ ਦੌਰਾਨ 7.70 ਕਰੋੜ ਲੋਕਾਂ ਨੇ ‘ਰਾਮਾਇਣ’ ਵੇਖੀ ਸੀ
ਜਦੋਂ ਰਾਮਾਨੰਦ ਸਾਗਰ ਦੀ ਰਮਾਇਣ ਸਾਲ 1987 ‘ਚ ਆਈ ਸੀ, ਉਸ ਸਮੇਂ ਇਹ ਇਕ ਅਜਿਹਾ ਪ੍ਰਸਿੱਧ ਸੀਰੀਅਲ ਸੀ, ਜੋ ਲੋਕਾਂ ਦੇ ਦਿਮਾਗ ਤੇ ਦਿਲ ‘ਚ ਬੈਠ ਗਿਆ ਸੀ। ਲੋਕ ਟੀਵੀ ਅੱਗੇ ਧੂਪ-ਬੱਤੀ ਨਾਲ ਪੂਜਾ ਕਰਦੇ ਸਨ। ਜਿਸ ਵਿਅਕਤੀ ਨੂੰ ਉਹ ਭਗਵਾਨ ਰਾਮ ਵਜੋਂ ਪੂਜਦੇ ਸਨ, ਉਹ ਅਰੁਣ ਗੋਵਿਲ ਹੀ ਸਨ। ਭਾਜਪਾ ਦੇ ਜਨਰਲ ਸਕੱਤਰ ਅਰੁਣ ਸਿੰਘ ਨੇ ਕਿਹਾ ਕਿ ਭਗਵਾਨ ਰਾਮ ਦਾ ਮੰਦਰ ਬਣਨ ਜਾ ਰਿਹਾ ਹੈ, ਉਸੇ ਤੋਂ ਪ੍ਰਭਾਵਿਤ ਹੋ ਕੇ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਰੁਣ ਗੋਵਿਲ ਭਾਜਪਾ ‘ਚ ਸ਼ਾਮਲ ਹੋਏ ਹਨ।
ਕੌਣ ਹਨ ਅਰੁਣ ਗੋਵਿਲ?
ਉੱਤਰ ਪ੍ਰਦੇਸ਼ ਦੇ ਮੇਰਠ ‘ਚ ਜਨਮੇ ਅਰੁਣ ਗੋਵਿਲ ਨੇ ਜੀ.ਐਫ. ਕਾਲਜ ਸ਼ਾਹਜਹਾਨਪੁਰ, ਮੇਰਠ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਸਾਇੰਸ ਦੀ ਪੜ੍ਹਾਈ ਕੀਤੀ ਸੀ। ਆਪਣੀ ਪੜ੍ਹਾਈ ਤੋਂ ਬਾਅਦ ਹੀ ਅਰੁਣ ਗੋਵਿਲ ਨੇ ਕੁਝ ਨਾਟਕਾਂ ‘ਚ ਹਿੱਸਾ ਲਿਆ ਸੀ। ਅਰੁਣ ਗੋਵਿਲ ਦੇ ਪਿਤਾ ਚੰਦਰ ਪ੍ਰਕਾਸ਼ ਗੋਵਿਲ ਸਰਕਾਰੀ ਨੌਕਰੀ ਕਰਦੇ ਸਨ। ਅਰੁਣ 6 ਭੈਣ-ਭਰਾਵਾਂ ‘ਚੋਂ ਚੌਥੇ ਨੰਬਰ ‘ਤੇ ਹਨ। ਅਰੁਣ ਗੋਵਿਲ ਨੇ ਖ਼ੁਦ ਦੱਸਿਆ ਸੀ, “ਮੈਂ ‘ਰਾਮ’ ਲਈ ਆਡੀਸ਼ਨ ਦਿੱਤਾ, ਪਰ ਨਿਰਮਾਤਾਵਾਂ ਨੇ ਰਿਜੈਕਟ ਕਰ ਦਿੱਤਾ ਸੀ। ਉਸ ਸਮੇਂ ਉਨ੍ਹਾਂ ਨੂੰ ਮੇਰਾ ਕੰਮ ਪਸੰਦ ਨਹੀਂ ਆਇਆ ਸੀ, ਪਰ ਬਾਅਦ ‘ਚ ਉਹ ਖ਼ੁਦ ਮੇਰੇ ਕੋਲ ਆਏ ਅਤੇ ਮੈਨੂੰ ਇਹ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਕੀਤੀ।”