ਭਾਜਪਾ ਵੱਲੋਂ ਬੰਗਾਲ ਲਈ ਚੋਣ ਮੈਨੀਫ਼ੈਸਟੋ ਜਾਰੀ - ਕਈ ਲੋਕ ਲੁਭਾਉਣੇ ਵਾਅਦੇ ਕੀਤੇ | Daily hamdard latest news in punjabi
Home ਤਾਜ਼ਾ ਖਬਰਾਂ ਭਾਜਪਾ ਵੱਲੋਂ ਬੰਗਾਲ ਲਈ ਚੋਣ ਮੈਨੀਫ਼ੈਸਟੋ ਜਾਰੀ – ਕਈ ਲੋਕ ਲੁਭਾਉਣੇ ਵਾਅਦੇ ਕੀਤੇ

ਭਾਜਪਾ ਵੱਲੋਂ ਬੰਗਾਲ ਲਈ ਚੋਣ ਮੈਨੀਫ਼ੈਸਟੋ ਜਾਰੀ – ਕਈ ਲੋਕ ਲੁਭਾਉਣੇ ਵਾਅਦੇ ਕੀਤੇ

0
ਭਾਜਪਾ ਵੱਲੋਂ ਬੰਗਾਲ ਲਈ ਚੋਣ ਮੈਨੀਫ਼ੈਸਟੋ ਜਾਰੀ – ਕਈ ਲੋਕ ਲੁਭਾਉਣੇ ਵਾਅਦੇ ਕੀਤੇ
 • ਕੋਲਕਾਤਾ, 21 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਜਪਾ ਨੇ ਬੰਗਾਲ ‘ਚ ਵਿਧਾਨ ਸਭਾ ਚੋਣਾਂ ਲਈ ਆਪਣਾ ਮੈਨੀਫ਼ੈਸਟੋ ਜਾਰੀ ਕਰ ਦਿੱਤਾ ਹੈ। ਪਾਰਟੀ ਨੇ ਇਸ ਨੂੰ ‘ਸੋਨਾਰ ਬੰਗਲਾ ਸੰਕਲਪ ਪੱਤਰ’ ਕਿਹਾ ਹੈ। ਸਰਕਾਰੀ ਨੌਕਰੀਆਂ ‘ਚ ਔਰਤਾਂ ਲਈ 33% ਰਾਖਵਾਂਕਰਨ, ਮਛੇਰਿਆਂ ਨੂੰ ਹਰ ਸਾਲ 6 ਹਜ਼ਾਰ ਰੁਪਏ, ਕੇਜੀ ਤੋਂ ਪੀਜੀ ਤਕ ਲੜਕੀਆਂ ਦੀ ਮੁਫ਼ਤ ਸਿੱਖਿਆ ਅਤੇ ਉੱਤਰ ਬੰਗਾਲ, ਜੰਗਲ ਮਹਿਲ ਤੇ ਸੁੰਦਰਬਨ ‘ਚ 3 ਨਵੇਂ ਏਮਜ਼ ਦੀ ਗੱਲ ਕਹੀ ਗਈ ਹੈ। ਹਰੇਕ ਪਰਿਵਾਰ ‘ਚ ਘੱਟੋ-ਘੱਟ ਇਕ ਮੈਂਬਰ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਵੀ ਕੀਤਾ ਗਿਆ ਹੈ। ਚੋਣ ਮੈਨੀਫ਼ੈਸਟੋ ‘ਚ ਨੋਬਲ ਐਵਾਰਡ ਦੀ ਤਰਜ਼ ‘ਤੇ ਟੈਗੋਰ ਐਵਾਰਡ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।
  ਕੋਲਕਾਤਾ ਦੇ ਪੂਰਬੀ ਜ਼ੋਨਲ ਕਲਚਰਲ ਸੈਂਟਰ (ਈਜੈਡਸੀਸੀ) ਵਿਖੇ ਮੈਨੀਫ਼ੈਸਟੋ ਜਾਰੀ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, “ਦੇਸ਼ ‘ਚ ਬੇਰੋਕ-ਟੋਕ ਹਰੇਕ ਧਰਮ ਦਾ ਤਿਉਹਾਰ ਮਨਾਇਆ ਜਾਣਾ ਚਾਹੀਦਾ ਹੈ। ਸਰਸਵਤੀ ਅਤੇ ਦੁਰਗਾ ਪੂਜਾ ਲਈ ਅਦਾਲਤ ਦੀ ਲੋੜ ਨਹੀਂ ਪਵੇਗੀ। 70 ਸਾਲਾਂ ਤੋਂ ਇੱਥੇ ਵਸੇ ਹੋਏ ਸ਼ਰਨਾਰਥੀਆਂ ਨੂੰ ਪਹਿਲੀ ਹੀ ਕੈਬਨਿਟ ਮੀਟਿੰਗ ‘ਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਲਾਗੂ ਕਰਕੇ ਨਾਗਰਿਕਤਾ ਦਿੱਤੀ ਜਾਵੇਗੀ। ਮੁੱਖ ਮੰਤਰੀ ਰਫ਼ਿਊਜੀ ਸਕੀਮ ਤਹਿਤ ਹਰੇਕ ਸ਼ਰਨਾਰਥੀ ਪਰਿਵਾਰ ਨੂੰ 5 ਸਾਲ ਤਕ 10,000 ਰੁਪਏ ਸਾਲਾਨਾ ਦਿੱਤਾ ਜਾਵੇਗਾ।
  ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਬੰਗਾਲ ਦੇ 75 ਲੱਖ ਕਿਸਾਨਾਂ ਨੂੰ 3 ਸਾਲਾਂ ‘ਚ 18 ਹਜ਼ਾਰ ਰੁਪਏ ਪ੍ਰਾਪਤ ਨਹੀਂ ਹੋਏ ਹਨ, ਉਨ੍ਹਾਂ ਨੂੰ ਸਿੱਧੇ ਖਾਤੇ ‘ਚ ਇੱਕੋ ਸਮੇਂ ਇਹ ਪੈਸੇ ਭੇਜੇ ਜਾਣਗੇ। ਇਸ ਤੋਂ ਬਾਅਦ ਕੇਂਦਰ ਸਰਕਾਰ ਦੇ ਹਰ ਸਾਲ 6 ਹਜ਼ਾਰ ਤੋਂ ਇਲਾਵਾ 4 ਹਜ਼ਾਰ ਮਤਲਬ ਸੂਬਾ ਸਰਕਾਰ ਵੱਲੋਂ ਕੁੱਲ 10 ਹਜ਼ਾਰ ਰੁਪਏ ਦਿੱਤੇ ਜਾਣਗੇ।
  ਭਾਜਪਾ ਦੇ ਚੋਣ ਮੈਨੀਫ਼ੈਸਟੋ ਦੇ ਮੁੱਖ ਵਾਅਦੇ
 • ਔਰਤਾਂ ਦੀ ਸਿੱਖਿਆ ਕੇਜੀ ਤੋਂ ਲੈ ਕੇ ਪੀਜੀ ਤਕ ਮੁਫਤ ਹੋਵੇਗੀ। ਜਨਤਕ ਟਰਾਂਸਪੋਰਟ ‘ਚ ਉਨ੍ਹਾਂ ਨੂੰ ਮੁਫ਼ਤ ਯਾਤਰਾ ਮਿਲੇਗੀ।
  ਸਾਰੇ ਸਰਕਾਰੀ ਕਰਮਚਾਰੀਆਂ ਨੂੰ 7ਵੇਂ ਤਨਖਾਹ ਸਕੇਲ ਦਾ ਲਾਭ ਦਿੱਤਾ ਜਾਵੇਗਾ।
 • ਕੈਬਨਿਟ ਦੀ ਪਹਿਲੀ ਬੈਠਕ ‘ਚ ਇਹ ਫ਼ੈਸਲਾ ਲਿਆ ਜਾਵੇਗਾ ਕਿ ਬੰਗਾਲ ਦੇ ਲੋਕਾਂ ਨੂੰ ਆਯੁਸ਼ਮਾਨ ਭਾਰਤ ਦਾ ਲਾਭ ਮਿਲਣਾ ਚਾਹੀਦਾ ਹੈ।
 • ਸਰਹੱਦ ‘ਤੇ ਤਾਰਬੰਦੀ ਅਤੇ ਚੌਕੀਆਂ ਨੂੰ ਮਜ਼ਬੂਤ ਕਰਾਂਗੇ, ਥਾਣਿਆਂ ਨੂੰ ਸੀਸੀਟੀਵੀ ਸਰਵਿਲਾਂਸ ਨਾਲ ਜੋੜਿਆ ਜਾਵੇਗਾ ਅਤੇ ਜੇ ਕੋਈ ਘੁਸਪੈਠ ਹੁੰਦੀ ਹੈ ਤਾਂ ਥਾਣਿਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ।
 • ਕ੍ਰਿਸ਼ਕ ਸੁਰੱਖਿਆ ਯੋਜਨਾ ਦੇ ਤਹਿਤ ਬੇ-ਜ਼ਮੀਨੇ ਕਿਸਾਨਾਂ ਨੂੰ ਹਰ ਸਾਲ 4000 ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।
 • ਓਬੀਸੀ ਰਾਖਵਾਂਕਰਨ ਦੀ ਸੂਚੀ ‘ਚ ਮਾਹੀਸ਼ਿਆ, ਤਿੱਲੀ ਅਤੇ ਬਾਕੀ ਭਾਈਚਾਰੇ ਸ਼ਾਮਲ ਹੋਣਗੇ।
 • ਸੀਐਮਓ ਅਧੀਨ ਭ੍ਰਿਸ਼ਟਾਚਾਰ ਰੋਕੂ ਸਿਸਟਮ ਬਣੇਗਾ। ਲੋਕ ਸਿੱਧੇ ਮੁੱਖ ਮੰਤਰੀ ਕੋਲ ਸ਼ਿਕਾਇਤ ਕਰ ਸਕਣਗੇ।
 • ਦਲਿਤ ਤੇ ਪੱਛੜੀਆਂ ਸ਼੍ਰੇਣੀਆਂ ਦੀਆਂ ਲੜਕੀਆਂ ਨੂੰ 6ਵੀਂ ਜਮਾਤ ‘ਚ ਆਉਣ ‘ਤੇ 3 ਹਜ਼ਾਰ ਰੁਪਏ, 11ਵੀਂ ਜਮਾਤ ਲਈ 7 ਹਜ਼ਾਰ ਰੁਪਏ ਅਤੇ 12ਵੀਂ ਜਮਾਤ ਲਈ 10 ਹਜ਼ਾਰ ਰੁਪਏ ਦਿੱਤੇ ਜਾਣਗੇ।
 • ਵਿਧਵਾ ਪੈਨਸ਼ਨ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੋਵੇਗੀ।
 • ਸਰਕਾਰ ਛੋਟੇ ਤੇ ਸੀਮਾਂਤ ਕਿਸਾਨਾਂ ਦੇ ਬੱਚਿਆਂ ਨੂੰ ਗ੍ਰੈਜੂਏਸ਼ਨ ਤਕ ਮੁਫ਼ਤ ਪੜ੍ਹਾਈ ਕਰਵਾਏਗੀ।
 • 20 ਹਜ਼ਾਰ ਕਰੋੜ ਰੁਪਏ ਦਾ ਇਕ ਕਿਸਾਨ ਸੁਰੱਖਿਆ ਫੰਡ ਬਣਾਇਆ ਜਾਵੇਗਾ। ਇਸ ਨਾਲ ਖੇਤੀ ਸੈਕਟਰ ਨਾਲ ਜੁੜੇ ਬੁਨਿਆਦੀ ਢਾਂਚੇ ਦਾ ਨਿਰਮਾਣ ਕੀਤਾ ਜਾਵੇਗਾ।
 • ਬੇਜ਼ਮੀਨੇ ਕਿਸਾਨਾਂ ਅਤੇ ਮਛੇਰਿਆਂ ਨੂੰ 3 ਲੱਖ ਰੁਪਏ ਦਾ ਬੀਮਾ ਦਿੱਤਾ ਜਾਵੇਗਾ। ਕਿਸਾਨ ਕਾਰਡ ਦੀ ਥਾਂ ਰੁਪਏ ਕਾਰਡ ਦਿੱਤਾ ਜਾਵੇਗਾ।
 • ‘ਬੰਗਲਾ ਸ਼ਵੇਤ ਕ੍ਰਾਂਤੀ’ ਦੀ ਸ਼ੁਰੂਆਤ 1 ਹਜ਼ਾਰ ਕਰੋੜ ਰੁਪਏ ਨਾਲ ਕੀਤੀ ਜਾਵੇਗੀ। ਅਮੂਲ ਦੇ ਨਾਲ ਮਿਲ ਕੇ ਇੱਥੇ ਮਿਲਕ ਪ੍ਰੋਸੈਸਿੰਗ ਯੂਨਿਟ ਸਥਾਪਤ ਕੀਤੀ ਜਾਵੇਗੀ। ਅਜਿਹੀਆਂ 5 ਮੈਗਾ ਇਕਾਈਆਂ ਬਣਾਈਆਂ ਜਾਣਗੀਆਂ।
 • ਮੁਰਸ਼ੀਦਾਬਾਦ ‘ਚ ਰਿਸਰਚ ਸੈਂਟਰ ਸਥਾਪਤ ਕੀਤਾ ਜਾਵੇਗਾ। ਸਿਹਤ ਖੇਤਰ ‘ਚ ਕਾਦੰਬਿਨੀ ਗਾਂਗੁਲੀ ਸਿਹਤ ਬੁਨਿਆਦੀ ਢਾਂਚਾ ਫੰਡ
 • 10 ਹਜ਼ਾਰ ਕਰੋੜ ਰੁਪਏ ‘ਚ ਬਣਾਇਆ ਜਾਵੇਗਾ। ਆਸ਼ਾ ਮੁਲਾਜ਼ਮਾਂ ਦੀ ਤਨਖਾਹ 6 ਹਜ਼ਾਰ ਰੁਪਏ ਹੋਵੇਗੀ। 900 ਨਵੀਆਂ 108 ਐਂਬੂਲੈਂਸਾਂ ਲਿਆਂਦੀਆਂ ਜਾਣਗੀਆਂ।
 • ਸਾਲ 2025 ਤਕ ਨਰਸਿੰਗ ਅਤੇ ਮੈਡੀਕਲ ਸੀਟਾਂ ਨੂੰ ਦੁੱਗਣਾ ਕਰਨ ਲਈ ਬੁਨਿਆਦੀ ਢਾਂਚਾ ਤਿਆਰ ਕਰਾਂਗੇ।
 • ‘ਵਨ ਨੇਸ਼ਨ ਵਨ ਹੈਲਥ’ ਆਈਡੀ ਲਾਂਚ ਕੀਤੀ ਜਾਵੇਗੀ।
 • ਨੇਤਾਜੀ ਸੁਭਾਸ਼ ਚੰਦ ਬੋਸ ਬੀਪੀਓ ਹਰ ਬਲਾਕ ‘ਚ ਸ਼ੁਰੂ ਕੀਤੇ ਜਾਣਗੇ।
 • ਆਈਆਈਟੀ ਦੀ ਤਰਜ਼ ‘ਤੇ 5 ਸੰਸਥਾਵਾਂ ਦਾ ਨਿਰਮਾਣ ਕੀਤਾ ਜਾਵੇਗਾ।
 • ਸਾਰੀਆਂ ਨੌਕਰੀਆਂ ਲਈ ਇਕ ਕਾਮਨ ਸਿਸਟਮ ਹੋਵੇਗਾ।
 • 2 ਹਜ਼ਾਰ ਦਾ ਸਪੋਰਟਸ ਕਾਰਪਸ ਬਣਾਇਆ ਜਾਵੇਗਾ, ਹਰ ਸਾਲ ਖੇਲੋ ਬੰਗਲਾ ਮਹਾਂਕੁੰਭ ਕੀਤਾ ਜਾਵੇਗਾ।
 • ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ, ਉਹ ਕਾਨੂੰਨ ਦੇ ਸਾਹਮਣੇ ਖੜ੍ਹੇ ਹੋਣਗੇ।
 • ਕਮਿਊਨਿਟੀ ਅਤੇ ਰਾਜਨੀਤਿਕ ਹਿੰਸਾ, ਰੇਤ ਮਾਫੀਆ, ਗਊ ਤਸਕਰੀ ਵਿਰੁੱਧ ਇਕ ਤੰਤਰ ਬਣਾਇਆ ਜਾਵੇਗਾ।
 • ਸਿਆਸੀ ਹਿੰਸਾ ਤੋਂ ਪੀੜਤ ਹਰ ਪਰਿਵਾਰ ਨੂੰ 25 ਲੱਖ ਮੁਆਵਜ਼ਾ, ਐਸਆਈਟੀ ਕੇਸਾਂ ਦੀ ਜਾਂਚ ਕਰੇਗੀ।