ਭਾਰਤੀ ਟੀਮ 29 ਸਾਲ ਤੋਂ ਇੰਗਲੈਂਡ ਵਿਰੁੱਧ ਘਰੇਲੂ ਮੈਦਾਨ ‘ਚ ਲੜੀ ਨਹੀਂ ਹਾਰੀ

ਨਵੀਂ ਦਿੱਲੀ, 22 ਮਾਰਚ (ਹਮਦਰਦ ਨਿਊਜ਼ ਸਰਵਿਸ) : ਟੀ20 ਲੜੀ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਹੁਣ ਇੰਗਲੈਂਡ ਵਿਰੁੱਧ 3 ਇਕ ਰੋਜ਼ਾ ਮੈਚਾਂ ਦੀ ਲੜੀ ਲਈ ਤਿਆਰ ਹੈ। ਲੜੀ ਦੇ ਤਿੰਨੇ ਮੈਚ ਮਹਾਰਾਸ਼ਟਰ ਕ੍ਰਿਕਟ ਸੰਘ ਪੁਣੇ ਦੇ ਸਟੇਡੀਅਮ ‘ਚ 23, 26 ਤੇ 28 ਮਾਰਚ ਨੂੰ ਖੇਡੇ ਜਾਣਗੇ। ਭਾਰਤੀ ਟੀਮ ਪਿਛਲੇ 29 ਸਾਲਾਂ ਤੋਂ ਆਪਣੇ ਘਰ ‘ਚ ਇੰਗਲੈਂਡ ਵਿਰੁੱਧ ਦੁਵੱਲੀ ਵਨਡੇ ਲੜੀ ਨਹੀਂ ਹਾਰੀ ਹੈ। ਆਖਰੀ ਵਾਰ ਇੰਗਲੈਂਡ ਨੇ ਇਕ ਰੋਜ਼ਾ ਲੜੀ ਦਸੰਬਰ 1984 ‘ਚ 4-1 ਨਾਲ ਜਿੱਤੀ ਸੀ।
ਭਾਰਤੀ ਟੀਮ ਕੋਲ ਘਰੇਲੂ ਮੈਦਾਨ ‘ਚ ਇੰਗਲੈਂਡ ਵਿਰੁੱਧ ਲਗਾਤਾਰ 6ਵੀਂ ਲੜੀ ਜਿੱਤਣ ਦਾ ਮੌਕਾ ਹੈ। ਟੀਮ ਇੰਡੀਆ ਨੇ ਮਾਰਚ 2006 ‘ਚ ਘਰੇਲੂ ਮੈਦਾਨ ‘ਚ ਇੰਗਲੈਂਡ ਨੂੰ ਵਨਡੇ ਲੜੀ ‘ਚ 5-1 ਨਾਲ ਹਰਾਇਆ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਇੰਗਲਿਸ਼ ਟੀਮ ਵਿਰੁੱਧ ਲਗਾਤਾਰ 5 ਵਨਡੇ ਲੜੀਆਂ ਜਿੱਤੀਆਂ। ਦੋਵੇਂ ਟੀਮਾਂ 4 ਸਾਲ ਬਾਅਦ ਭਾਰਤੀ ਧਰਤੀ ‘ਤੇ ਆਹਮੋ-ਸਾਹਮਣੇ ਹਨ। ਭਾਰਤੀ ਟੀਮ ਨੇ ਜਨਵਰੀ 2017 ‘ਚ ਆਪਣੇ ਘਰ ‘ਚ ਇਕ ਰੋਜ਼ਾ ਲੜੀ ‘ਚ ਇੰਗਲੈਂਡ ਨੂੰ 2-1 ਨਾਲ ਹਰਾਇਆ ਸੀ।

Video Ad

ਭਾਰਤੀ ਟੀਮ ਸਾਲ ਦੀ ਪਹਿਲੀ ਵਨਡੇ ਲੜੀ ਖੇਡੇਗੀ
ਭਾਰਤੀ ਟੀਮ ਦੀ ਇਹ ਸਾਲ ਦੀ ਪਹਿਲੀ ਵਨਡੇ ਲੜੀ ਹੈ। ਆਖਰੀ ਦੋ ਲੜੀਆਂ ‘ਚ ਭਾਰਤੀ ਟੀਮ ਨੂੰ ਹਾਰ ਮਿਲੀ ਸੀ। ਨਿਊਜ਼ੀਲੈਂਡ ਨੇ ਫ਼ਰਵਰੀ 2020 ‘ਚ ਅਤੇ ਆਸਟ੍ਰੇਲੀਆ ਨੇ ਨਵੰਬਰ 2020 ‘ਚ ਹਰਾਇਆ ਸੀ। ਭਾਰਤੀ ਟੀਮ ਨੇ ਆਪਣੇ ਘਰ ‘ਚ ਆਖਰੀ ਦੋ ਲੜੀਆਂ ਜਿੱਤੀਆਂ ਹਨ। ਉਨ੍ਹਾਂ ਨੇ ਦਸੰਬਰ 2019 ‘ਚ ਵੈਸਟਇੰਡੀਜ਼ ਅਤੇ ਜਨਵਰੀ 2020 ‘ਚ ਆਸਟ੍ਰੇਲੀਆ ਨੂੰ ਹਰਾਇਆ ਸੀ।

ਦੋਵਾਂ ਟੀਮਾਂ ਨੇ 18 ਵਨਡੇ ਲੜੀਆਂ ਖੇਡੀਆਂ
ਹੁਣ ਤਕ ਦੋਵਾਂ ਟੀਮਾਂ ਵਿਚਾਲੇ 18 ਵਨਡੇ ਲੜੀਆਂ ਖੇਡੀਆਂ ਜਾ ਚੁੱਕੀਆਂ ਹਨ। ਭਾਰਤ ਨੇ 9 ਜਿੱਤੀਆਂ, ਜਦਕਿ ਇੰਗਲੈਂਡ ਨੇ 7 ਜਿੱਤੀਆਂ ਹਨ । 2 ਲੜੀਆਂ ਡਰਾਅ ਰਹੀਆਂ ਸਨ। ਭਾਰਤ ‘ਚ ਦੋਵਾਂ ਟੀਮਾਂ ਵਿਚਾਲੇ 9 ਲੜੀਆਂ ਖੇਡੀਆਂ ਗਈਆਂ ਹਨ। ਇਸ ‘ਚ ਟੀਮ ਇੰਡੀਆ ਨੇ 6 ਅਤੇ ਇੰਗਲੈਂਡ ਨੇ 1 ਲੜੀ ਜਿੱਤੀ ਹੈ। 2 ਲੜੀਆਂ ਬਰਾਬਰ ਰਹੀਆਂ ਸਨ। ਹੁਣ ਤਕ ਦੋਵਾਂ ਟੀਮਾਂ ‘ਚ 100 ਟੀ20 ਮੈਚ ਖੇਡੇ ਜਾ ਚੁੱਕੇ ਹਨ, ਜਿਸ ‘ਚ ਭਾਰਤ ਨੇ 53 ਮੈਚ ਜਿੱਤੇ ਅਤੇ ਇੰਗਲਿਸ਼ ਟੀਮ ਨੇ 42 ਮੈਚ ਜਿੱਤੇ। 3 ਮੈਚ ਬਰਾਬਰੀ ‘ਤੇ ਰਹੇ। ਟੀਮ ਇੰਡੀਆ ਨੇ ਇੰਗਲੈਂਡ ਵਿਰੁੱਧ ਘਰੇਲੂ ਮੈਦਾਨ ‘ਤੇ 48 ਵਨਡੇ ਮੈਚ ਖੇਡੇ, ਜਿਨ੍ਹਾਂ ਵਿਚੋਂ 31 ਜਿੱਤੇ, 16 ਵਨਡੇ ਮੈਚ ਹਾਰੇ ਅਤੇ 1 ਮੈਚ ਬਰਾਬਰ ਰਿਹਾ ਸੀ।

ਭਾਰਤੀ ਟੀਮ ਕੋਲ ਨੰਬਰ-1 ਬਣਨ ਦਾ ਮੌਕਾ
ਭਾਰਤੀ ਟੀਮ ਇੰਗਲੈਂਡ ਵਿਰੁੱਧ 3-0 ਨਾਲ ਲੜੀ ਜਿੱਤਣ ਤੋਂ ਬਾਅਦ ਆਈਸੀਸੀ ਦੀ ਇਕ ਰੋਜ਼ਾ ਰੈਂਕਿੰਗ ‘ਚ ਚੋਟੀ ‘ਤੇ ਪਹੁੰਚ ਜਾਵੇਗੀ। ਇਸ ਸਮੇਂ ਇੰਗਲੈਂਡ 123 ਅੰਕਾਂ ਨਾਲ ਟਾਪ ‘ਤੇ ਹੈ। ਦੂਜੇ ਨੰਬਰ ‘ਤੇ ਮੌਜੂਦ ਭਾਰਤੀ ਟੀਮ ਦੇ 117 ਅੰਕ ਹਨ। ਆਈਸੀਸੀ ਦੀ ਇਕ ਰੋਜ਼ਾ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਟਾਪ-10 ‘ਚ 2 ਭਾਰਤੀ ਹਨ। ਉਨ੍ਹਾਂ ‘ਚ ਵਿਰਾਟ ਕੋਹਲੀ ਪਹਿਲੇ ਨੰਬਰ ‘ਤੇ ਹਨ ਅਤੇ ਰੋਹਿਤ ਸ਼ਰਮਾ ਦੂਜੇ ਨੰਬਰ ‘ਤੇ ਹਨ। ਇੰਗਲੈਂਡ ਦਾ ਕੋਈ ਬੱਲੇਬਾਜ਼ ਟਾਪ-10 ‘ਚ ਨਹੀਂ ਹੈ। ਗੇਂਦਬਾਜ਼ਾਂ ਦੀ ਰੈਂਕਿੰਗ ਦੇ ਟਾਪ-10 ‘ਚ ਦੋਵਾਂ ਟੀਮਾਂ ਦਾ ਇਕ-ਇਕ ਖਿਡਾਰੀ ਸ਼ਾਮਲ ਹੈ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੀਜੇ ਨੰਬਰ ‘ਤੇ ਅਤੇ ਇੰਗਲਿਸ਼ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ 5ਵੇਂ ਨੰਬਰ ‘ਤੇ ਹਨ। ਹਾਲਾਂਕਿ ਦੋਵੇਂ ਖਿਡਾਰੀ ਮੌਜੂਦਾ ਲੜੀ ਨਹੀਂ ਖੇਡ ਰਹੇ ਹਨ।

Video Ad