ਭਾਰਤੀ ਮੂਲ ਦੇ ਅਮਰੀਕੀ ਜੋੜੇ ਨੇ ਦਾਨ ਕੀਤੇ 1 ਕਰੋੜ ਰੁਪਏ

ਵਾਸ਼ਿੰਗਟਨ, 30 ਮਾਰਚ (ਹਮਦਰਦ ਨਿਊਜ਼ ਸਰਵਿਸ) : ਵੰਡ ਕੇ ਛਕਣ ਤੇ ਦਾਨ ਕਰਨ ਵਿੱਚ ਵਿਸ਼ਵਾਸ ਰੱਖਣ ਵਾਲੇ ਭਾਰਤੀ ਲੋਕ ਵਿਦੇਸ਼ੀ ਧਰਤੀ ’ਤੇ ਜਾ ਕੇ ਵੀ ਸੇਵਾਵਾਂ ਨਿਭਾਅ ਰਹੇ ਹਨ। ਇਸੇ ਤਰ੍ਹਾਂ ਇੱਕ ਭਾਰਤੀ ਮੂਲ ਦੇ ਅਮਰੀਕੀ ਜੋੜੇ ਨੇ ਬਿਹਾਰ ਤੇ ਝਾਰਖੰਡ ਵਿੱਚ ਸਿਹਤ ਸੇਵਾ ਕਾਰਜਾਂ ਲਈ ਇੱਕ ਕਰੋੜ ਰੁਪਏ ਦਾਨ ਦਿੱਤੇ ਹਨ।
‘ਬਿਹਾਰ ਝਾਰਖੰਡ ਐਸੋਸੀਏਸ਼ਨ ਆਫ਼ ਨੌਰਥ ਅਮਰੀਕਾ’ (ਬੀਜੇਏਐਨਏ) ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਮੇਸ਼ ਅਤੇ ਕਲਪਨਾ ਭਾਟੀਆ ਫੈਮਲੀ ਫਾਊਂਡੇਸ਼ਨ ਵੱਲੋਂ ਦਿੱਤੇ ਗਏ 1 ਕਰੋੜ ਰੁਪਏ (1 ਲੱਖ 50 ਹਜ਼ਾਰ ਡਾਲਰ) ਦੀ ਵਰਤੋਂ ਬਿਹਾਰ ਤੇ ਝਾਰਖੰਡ ਦੋਵਾਂ ਰਾਜਾਂ ਦੇ ਗ੍ਰਾਮੀਣ ਇਲਾਕਿਆਂ ਵਿੱਚ ਸਿਹਤ ਸੇਵਾ ਯਤਨਾਂ ਲਈ ਕੀਤੀ ਜਾਵੇਗੀ।
ਪ੍ਰਵਾਸੀ ਅਲੁਮਨੀ ਨਿਸ਼ੁਲਕ (ਪ੍ਰਾਨ) ਭਾਰਤੀ-ਅਮਰੀਕੀ ਡਾਕਟਰਾਂ ਦੀ ਸੰਸਥਾ ਹੈ, ਜੋ ਬਿਹਾਰ ਤੇ ਝਾਰਖੰਡ ਵਿੱਚ ਲੋੜਵੰਦ ਤੇ ਕਮਜ਼ੋਰ ਤਬਕੇ ਦੇ ਲੋਕਾਂ ਨੂੰ ਸਿਹਤ ਸੇਵਾ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੇ ਹਨ। ਇਨ੍ਹਾਂ ਡਾਕਟਰਾਂ ਨੇ ਰਾਂਚੀ ਵਿੱਚ ਪ੍ਰਵਾਸੀ ਅਲੁਮਨੀ ਨਿਸ਼ੁਲਕ ਕਲੀਨਿਕ ਖੋਲ੍ਹੀ ਹੈ, ਜੋ ਜਿੱਥੇ ਲੋੜਵੰਦਾਂ ਨੂੰ ਸਿਹਤ ਸੇਵਾਵਾਂ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ।
‘ਬਿਹਾਰ ਝਾਰਖੰਡ ਐਸੋਸੀਏਸ਼ਨ ਆਫ਼ ਨੌਰਥ ਅਮਰੀਕਾ’ ਦੇ ਪ੍ਰਧਾਨ ਅਵਿਨਾਸ਼ ਗੁਪਤਾ ਨੇ ਦਿਲ ਖੋਲ੍ਹ ਕੇ ਦਾਨ ਕਰਨ ਲਈ ਰਮੇਸ਼ ਅਤੇ ਕਲਪਨਾ ਭਾਟੀਆ ਦਾ ਧੰਨਵਾਦ ਕੀਤਾ। ਸਾਬਕਾ ਐਫਆਈਏ ਪ੍ਰਧਾਨ ਆਲੋਕ ਕੁਮਾਰ ਨੇ ਵੀ ਕਿਹਾ ਕਿ ਇਸ ਪ੍ਰਕਾਰ ਦੇ ਦਾਨ ਨਾਲ ‘ਬਿਹਾਰ ਝਾਰਖੰਡ ਐਸੋਸੀਏਸ਼ਨ ਆਫ਼ ਨੌਰਥ ਅਮਰੀਕਾ’ ਨੂੰ ਸਿਹਤ ਸੇਵਾ ਦੇ ਖੇਤਰ ਵਿੱਚ ਕੰਮ ਕਰਨ ’ਚ ਮਦਦ ਮਿਲੇਗੀ। ਭਾਟੀਆ ਨੇ ਪਟਨਾ ਸਥਿਤ ਐਨਆਈਟੀ ਤੋਂ ਪੜ੍ਹਾਈ ਕੀਤੀ ਹੈ ਅਤੇ ਉਹ ਟੈਕਸਾਸ ਵਿੱਚ ਸਫ਼ਲਤਾਪੂਰਵਕ ਆਪਣਾ ਕਾਰੋਬਾਰ ਚਲਾਉਂਦੇ ਹਨ।

Video Ad
Video Ad