ਭਾਰਤ-ਇੰਗਲੈਂਡ ਵਨਡੇ ਸੀਰੀਜ਼ ‘ਚ ਦੋਵਾਂ ਟੀਮਾਂ ਨੇ 70 ਛੱਕੇ ਲਗਾ ਕੇ 2 ਸਾਲ ਪੁਰਾਣਾ ਰਿਕਾਰਡ ਤੋੜਿਆ

ਨਵੀਂ ਦਿੱਲੀ, 29 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤ ਤੇ ਇੰਗਲੈਂਡ ਵਿਚਾਲੇ ਖੇਡੀ ਗਈ ਤਿੰਨ ਇਕ ਰੋਜ਼ਾ ਮੈਚਾਂ ਦੀ ਲੜੀ ‘ਚ ਕਈ ਰਿਕਾਰਡ ਬਣੇ। ਦੋਵੇਂ ਟੀਮਾਂ ਨੇ ਇਸ ਲੜੀ ‘ਚ ਕੁਲ 70 ਛੱਕੇ ਲਗਾਏ। ਕਿਸੇ ਵੀ 3 ਮੈਚਾਂ ਦੀ ਵਨਡੇ ਸੀਰੀਜ਼ ‘ਚ ਇਹ ਸਭ ਤੋਂ ਵੱਧ ਛੱਕੇ ਹਨ। ਇਸ ਤੋਂ ਪਹਿਲਾਂ ਸਾਲ 2019 ‘ਚ ਨਿਊਜ਼ੀਲੈਂਡ ਤੇ ਸ੍ਰੀਲੰਕਾ ਵਿਚਾਲੇ ਲੜੀ ‘ਚ 3 ਮੈਚਾਂ ‘ਚ 57 ਛੱਕੇ ਲਗਾਏ ਗਏ ਸਨ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਦੀ ਸ਼ੁਰੂਆਤੀ ਜੋੜੀ ਨੇ ਵਨਡੇ ਮੈਚਾਂ ‘ਚ 5000 ਦੌੜਾਂ ਦੀ ਭਾਈਵਾਲੀ ਪੂਰੀ ਕਰ ਲਈ ਹੈ। ਇਨ੍ਹਾਂ ਦੋਵਾਂ ਨੇ ਮਿਲ ਕੇ ਹੁਣ ਤਕ ਕੁੱਲ 5023 ਦੌੜਾਂ ਬਣਾਈਆਂ ਹਨ।
ਰੋਹਿਤ ਅਤੇ ਧਵਨ ਨੇ ਐਤਵਾਰ ਨੂੰ ਖੇਡੇ ਗਏ ਤੀਜੇ ਵਨਡੇ ਮੈਚ ‘ਚ ਪਹਿਲੇ ਵਿਕਟ ਲਈ 103 ਦੌੜਾਂ ਦੀ ਭਾਈਵਾਲੀ ਕੀਤੀ। ਇਸ ਦੌਰਾਨ ਦੋਵਾਂ ਬੱਲੇਬਾਜ਼ਾਂ ਨੇ ਆਸਟ੍ਰੇਲੀਆ ਦੇ ਵਨਡੇ ਮੈਚਾਂ ‘ਚ ਐਡਮ ਗਿਲਕ੍ਰਿਸਟ ਅਤੇ ਮੈਥਿਊ ਹੇਡਨ ਵੱਲੋਂ 16 ਵਾਰ 100 ਜਾਂ ਇਸ ਤੋਂ ਵੱਧ ਦੌੜਾਂ ਦੀ ਭਾਈਵਾਲੀ ਕਰਨ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਰੋਹਿਤ ਅਤੇ ਧਵਨ ਨੇ ਵਨਡੇ ਮੈਚਾਂ ‘ਚ 17 ਵਾਰ ਸੈਂਕੜੇ ਦੀ ਭਾਈਵਾਲੀ ਕੀਤੀ ਹੈ। ਉਹ 100 ਦੌੜਾਂ ਦੀ ਭਾਈਵਾਲੀ ਵਾਲੀ ਸਲਾਮੀ ਬੱਲੇਬਾਜ਼ਾਂ ਦੀ ਸੂਚੀ ‘ਚ ਦੂਜੇ ਨੰਬਰ ‘ਤੇ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਅਤੇ ਸੌਰਭ ਗਾਂਗੁਲੀ ਦੀ ਭਾਰਤੀ ਜੋੜੀ ਵਨਡੇ ਮੈਚਾਂ ‘ਚ 21 ਵਾਰ 100 ਦੌੜਾਂ ਦੀ ਭਾਈਵਾਲੀ ਕਰ ਚੁੱਕੀ ਹੈ।
ਭਾਰਤੀ ਟੀਮ ਨੇ ਇਸ ਲੜੀ ‘ਚ ਕੁੱਲ 33 ਛੱਕੇ ਲਗਾਏ। ਇਹ 4 ਜਾਂ ਇਸ ਤੋਂ ਘੱਟ ਮੈਚਾਂ ਦੀ ਦੁਵੱਲੀ ਵਨਡੇ ਸੀਰੀਜ਼ ‘ਚ ਲਗਾਏ ਗਏ ਸਭ ਤੋਂ ਵੱਧ ਛੱਕੇ ਹਨ। ਇਸ ਤੋਂ ਪਹਿਲਾਂ 2017 ‘ਚ ਭਾਰਤ ਨੇ ਇੰਗਲੈਂਡ ਵਿਰੁੱਧ 3 ਮੈਚਾਂ ਦੀ ਲੜੀ ‘ਚ 30 ਛੱਕੇ ਲਗਾਏ ਸਨ। ਇਸ ਦੇ ਨਾਲ ਹੀ ਸਾਲ 2010 ‘ਚ ਦੱਖਣੀ ਅਫ਼ਰੀਕਾ ਵਿਰੁੱਧ ਟੀਮ ਇੰਡੀਆ ਨੇ 3 ਮੈਚਾਂ ‘ਚ 24 ਛੱਕੇ ਲਗਾਏ ਸਨ।

Video Ad

ਭਾਰਤ ਨੇ ਆਸਟ੍ਰੇਲੀਆ ਦੇ 14 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕੀਤੀ
ਟੀਮ ਇੰਡੀਆ ਨੇ ਲਗਾਤਾਰ ਛੇਵੇਂ ਵਨਡੇ ਮੈਚ ‘ਚ 300+ ਦੌੜਾਂ ਬਣਾਈਆਂ। ਟੀਮ ਇੰਡੀਆ ਨੇ ਇੰਗਲੈਂਡ ਵਿਰੁੱਧ ਮੌਜੂਦਾ ਲੜੀ ਦੇ 3 ਮੈਚਾਂ ਅਤੇ ਆਸਟ੍ਰੇਲੀਆ ਵਿਰੁੱਧ ਪਿਛਲੀ ਲੜੀ ਦੇ 3 ਮੈਚਾਂ ‘ਚ 300+ ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਭਾਰਤ ਨੇ ਆਸਟ੍ਰੇਲੀਆ ਦੇ ਲਗਾਤਾਰ 6 ਵਾਰ 300+ ਦੌੜਾਂ ਬਣਾਉਣ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ। ਆਸਟਰੇਲੀਆ ਨੇ ਫ਼ਰਵਰੀ-ਮਾਰਚ 2007 ਵਿਚ ਇਹ ਰਿਕਾਰਡ ਬਣਾਇਆ ਸੀ। ਇਸ ਦੇ ਨਾਲ ਹੀ ਭਾਰਤ ਨੇ ਇਸ ਤੋਂ ਪਹਿਲਾਂ 2017 ‘ਚ ਲਗਾਤਾਰ 5 ਵਨਡੇ ਮੈਚਾਂ ‘ਚ ਇਹ ਪ੍ਰਾਪਤੀ ਹਾਸਲ ਕੀਤੀ ਸੀ।

ਕੋਈ ਵੀ ਭਾਰਤੀ ਬੱਲੇਬਾਜ਼ 80+ ਦੌੜਾਂ ਨਾ ਬਣਾ ਸਕਿਆ
ਭਾਰਤ ਨੇ ਤੀਜੇ ਵਨਡੇ ‘ਚ 329 ਦੌੜਾਂ ਬਣਾਈਆਂ। ਟੀਮ ਇੰਡੀਆ ਦਾ ਕੋਈ ਬੱਲੇਬਾਜ਼ 80+ ਦੌੜਾਂ ਬਣਾਉਣ ‘ਚ ਸਫਲ ਨਹੀਂ ਹੋ ਸਕਿਆ। ਇਹ ਤੀਜੀ ਵਾਰ ਹੈ ਜਦੋਂ ਕਿਸੇ ਬੱਲੇਬਾਜ਼ ਨੇ 80+ ਦੌੜਾਂ ਬਣਾਏ ਬਗੈਰ ਇੰਨਾ ਵੱਡਾ ਸਕੋਰ ਬਣਾਇਆ। ਇਸ ਤੋਂ ਪਹਿਲਾਂ ਭਾਰਤ ਨੇ ਬੰਗਲਾਦੇਸ਼ ਵਿਰੁੱਧ 2004 ‘ਚ 5 ਵਿਕਟਾਂ ‘ਤੇ 348 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਲੀਡਜ਼ ‘ਚ ਸਾਲ 2007 ‘ਚ ਇੰਗਲੈਂਡ ਵਿਰੁੱਧ 6 ਵਿਕਟਾਂ ‘ਤੇ 324 ਦੌੜਾਂ ਬਣਾਈਆਂ ਸਨ।

ਬੇਅਰਸਟੋ ਨੇ 14 ਅਤੇ ਰਿਸ਼ਭ ਪੰਤ ਨੇ 11 ਛੱਕੇ ਲਗਾਏ
ਟੀਮ ਇੰਡੀਆ ਨੇ ਭਾਵੇਂ ਇੰਗਲੈਂਡ ਵਿਰੁੱਧ 3 ਮੈਚਾਂ ‘ਚ 300+ ਟੋਟਲ ਖੜ੍ਹਾ ਕੀਤਾ, ਪਰ ਇਸ ਲੜੀ ‘ਚ ਟੀਮ ਇੰਡੀਆ ਪਹਿਲੇ 20 ਓਵਰਾਂ ‘ਚ ਇਕ ਵੀ ਛੱਕਾ ਨਹੀਂ ਲਗਾ ਸਕੀ। ਇਸ ਦੇ ਨਾਲ ਹੀ ਇੰਗਲਿਸ਼ ਟੀਮ ਨੇ 3 ਮੈਚਾਂ ‘ਚ ਪਹਿਲੇ 20 ਓਵਰਾਂ ‘ਚ ਕੁਲ 16 ਛੱਕੇ ਲਗਾਏ। ਜੌਨੀ ਬੇਅਰਸਟੋ ਨੇ ਇੰਗਲੈਂਡ ਲਈ ਸਭ ਤੋਂ ਵੱਧ 14 ਛੱਕੇ ਲਗਾਏ। ਇਸ ਦੇ ਨਾਲ ਹੀ ਭਾਰਤ ਵੱਲੋਂ ਰਿਸ਼ਭ ਪੰਤ ਨੇ 2 ਮੈਚਾਂ ‘ਚ 11 ਛੱਕੇ ਮਾਰੇ।

81 ਵਨਡੇ ਮੈਚਾਂ ਬਾਅਦ ਪਹਿਲੀ ਵਾਰ ਨਹੀਂ ਖੇਡ ਸਕੇ ਕੁਲਦੀਪ ਤੇ ਚਾਹਲ
ਸਪਿੰਨਰ ਕੁਲਦੀਪ ਯਾਦਵ ਪਹਿਲੇ ਦੋ ਮੈਚਾਂ ‘ਚ ਕੁਝ ਖਾਸ ਕਰਨ ‘ਚ ਅਸਫਲ ਰਹੇ। ਤੀਜੇ ਵਨਡੇ ‘ਚ ਉਨ੍ਹਾਂ ਨੂੰ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੂੰ ਇੰਗਲੈਂਡ ਵਿਰੁੱਧ ਟੀ20 ਸੀਰੀਜ਼ ਤੋਂ ਬਾਅਦ ਕੋਈ ਮੌਕਾ ਨਹੀਂ ਮਿਲਿਆ। ਪਿਛਲੇ 81 ਵਨਡੇ ਮੈਚਾਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਟੀਮ ਕੁਲਦੀਪ ਅਤੇ ਚਾਹਲ ਤੋਂ ਬਗੈਰ ਮੈਦਾਨ ‘ਚ ਉਤਰੀ ਸੀ।

Video Ad