ਭਾਰਤ ’ਚ ਕੋਰੋਨਾ ਦੇ 47 ਹਜ਼ਾਰ ਨਵੇਂ ਮਰੀਜ਼ ਮਿਲੇ

ਨਵੀਂ ਦਿੱਲੀ, 22 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਕੋਵਿਡ-19 ਦੇ ਨਵੇਂ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਨ੍ਹਾਂ ਵਿੱਚ ਮਹਾਰਾਸ਼ਟਰ, ਪੰਜਾਬ, ਕਰਨਾਟਕ, ਗੁਜਰਾਤ, ਕੇਰਲ ਤੇ ਮੱਧ ਪ੍ਰਦੇਸ਼ ਵਿੱਚ ਸਭ ਤੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਐਤਵਾਰ ਨੂੰ ਆਏ ਨਵੇਂ ਕੇਸਾਂ ਵਿੱਚ 83 ਫੀਸਦੀ ਮਾਮਲੇ ਇਨ੍ਹਾਂ ਹੀ 6 ਸੂਬਿਆਂ ਵਿੱਚੋਂ ਮਿਲੇ। ਮਹਾਰਾਸ਼ਟਰ ਵਿੱਚ 30 ਹਜ਼ਾਰ 535 ਨਵੇਂ ਮਰੀਜ਼ ਸਾਹਮਣੇ ਆਏ। ਉੱਥੇ ਹੀ ਦਿੱਲੀ ਵਿੱਚ ਵੀ ਨਵੇਂ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਰਾਜਧਾਨੀ ਵਿੱਚ ਕੋਰੋਨਾ ਦੇ 823 ਨਵੇਂ ਮਰੀਜ਼ ਮਿਲੇ।
ਰਾਜਸਥਾਨ ਸਰਕਾਰ ਨੇ ਜੈਪੁਰ ਸਣੇ 8 ਜ਼ਿਲਿ੍ਹਆਂ ਵਿੱਚ ਨਾਈਟ ਕਰਫਿਊ ਲਗਾ ਦਿੱਤਾ ਹੈ ਅਤੇ ਨਾਲ ਹੀ ਦੂਜੇ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਲਈਲ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ਲਾਜ਼ਮੀ ਕਰ ਦਿੱਤੀ ਹੈ।
ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੋਰੋਨਾ ਦੇ ਨਵੇਂ ਕੇਸਾਂ ਦੀ ਆਮਦ ਤੋਂ ਬਾਅਦ ਭਾਰਤ ਵਿੱਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 1 ਕਰੋੜ 16 ਲੱਖ, 64 ਹਜ਼ਾਰ 81 ਤੋਂ ਟੱਪ ਗਈ ਹੈ। ਰਾਹਤ ਦੀ ਖ਼ਬਰ ਇਹ ਹੈ ਕਿ ਕੁੱਲ ਮਰੀਜ਼ਾਂ ਵਿੱਚੋਂ ਹੁਣ ਤੱਕ 1 ਕਰੋੜ 11 ਲੱਖ 51 ਹਜ਼ਾਰ 468 ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ, ਜਦੋਂਕਿ ਇਸ ਵੇਲੇ 3 ਲੱਖ 34 ਹਜ਼ਾਰ 646 ਸਰਗਰਮ ਮਾਮਲੇ ਹਨ। ਪਿਛਲੇ 24 ਘੰਟਿਆਂ ਵਿੱਚ ਹੋਈਆਂ ਮੌਤਾਂ ਤੋਂ ਬਾਅਦ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 1 ਲੱਖ 59 ਹਜ਼ਾਰ 967 ਹੋ ਗਈ ਹੈ।
ਸਿਹਤ ਮੰਤਰਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਦੇਸ਼ ਵਿੱਚ ਹੁਣ ਤੱਕ ਕੋਰੋਨਾ ਵੈਕਸੀਨ ਦੀਆਂ ਚਾਰ ਕਰੋੜ 50 ਲੱਖ 65 ਹਜ਼ਾਰ 998 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਨੇ ਜਾਣਕਾਰੀ ਦਿੱਤੀ ਹੈ ਕਿ 21 ਮਾਰਚ, 2021 ਤੱਕ ਪੂਰੇ ਦੇਸ਼ ਵਿੱਚ ਕੋਰੋਨਾ ਦੇ 23 ਕਰੋੜ 44 ਲੱਖ 45 ਹਜ਼ਾਰ 774 ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਕੱਲ੍ਹ ਪੂਰੇ ਦੇਸ਼ ਵਿੱਚ 8 ਲੱਖ 80 ਹਜ਼ਾਰ 655 ਸੈਂਪਲਾਂ ਦੀ ਜਾਂਚ ਕੀਤੀ ਗਈ।

Video Ad
Video Ad