
ਕੋਚੀ ,2 ਅਗਸਤ, ਹ.ਬ. : ਦੇਸ਼ ’ਚ ਮੰਕੀਪਾਕਸ ਨਾਲ ਪਹਿਲੀ ਮੌਤ ਦੀ ਪੁਸ਼ਟੀ ਹੋਈ ਹੈ। ਪਿਛਲੇ ਮਹੀਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਕੇਰਲ ਪਰਤੇ ਨੌਜਵਾਨ ਦੀ ਮੌਤ ਹੋਈ ਹੈ। ਕੇਂਦਰ ਸਰਕਾਰ ਨੇ ਮੰਕੀਪਾਕਸ ਦੇ ਮਾਮਲਿਆਂ ’ਤੇ ਨਿਗਰਾਨੀ ਰੱਖਣ ਤੇ ਉਸ ਦੀ ਰੋਕਥਾਮ ਲਈ ਇਕ ਟਾਸਕ ਫੋਰਸ ਦਾ ਗਠਨ ਕੀਤਾ ਹੈ। ਮੰਕੀਪਾਕਸ ਨਾਲ ਮੌਤ ਦਾ ਇਹ ਏਸ਼ੀਆ ਦਾ ਪਹਿਲਾ ਮਾਮਲਾ ਹੈ। ਇਸ ਨੂੰ ਮਿਲਾ ਕੇ ਦੁਨੀਆ ’ਚ ਹੁਣ ਤੱਕ ਇਸ ਬਿਮਾਰੀ ਨਾਲ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ’ਚ ਸਪੇਨ ’ਚ ਦੋ ਤੇ ਬ੍ਰਾਜ਼ੀਲ ’ਚ ਇਕ ਮੌਤ ਸ਼ਾਮਲ ਹੈ। ਹੁਣ ਤੱਕ 78 ਦੇਸ਼ਾਂ ’ਚ ਇਸ ਦੇ 18,000 ਤੋਂ ਵੱਧ ਮਾਮਲੇ ਮਿਲ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਇਸ ਬਾਰੇ 23 ਜੁਲਾਈ ਨੂੰ ਆਲਮੀ ਜਨਤਕ ਸਿਹਤ ਐਮਰਜੈਂਸੀ ਦਾ ਐਲਾਨ ਕੀਤਾ ਸੀ । ਕੇਰਲ ਦੇ ਮਾਲੀਆ ਮੰਤਰੀ ਕੇ. ਰਾਜਨ ਨੇ ਪੱਤਰਕਾਰਾਂ ਨੂੰ ਕਿਹਾ ਕਿ 22 ਸਾਲਾ ਨੌਜਵਾਨ 21 ਜੁਲਾਈ ਨੂੰ ਯੂਏਈ ਤੋਂ ਕੇਰਲ ਪਰਤਿਆ ਸੀ।