Home ਤਾਜ਼ਾ ਖਬਰਾਂ ਭਾਰਤ ਨੂੰ ਮਿਲਿਆ ਨਵਾਂ ਸੰਸਦ ਭਵਨ

ਭਾਰਤ ਨੂੰ ਮਿਲਿਆ ਨਵਾਂ ਸੰਸਦ ਭਵਨ

0


ਪ੍ਰਧਾਨ ਮੰਤਰੀ ਨੇ ਕੀਤਾ ਉਦਘਾਟਨ
ਹਵਨ-ਪੂਜਾ ਮਗਰੋਂ ਸੇਂਗੋਲ ਵੀ ਕੀਤਾ ਗਿਆ ਸਥਾਪਤ
ਤਾਮਿਲਨਾਡੂ ਦੇ ਸੰਤਾਂ ਵੱਲੋਂ ਪੀਐਮ ਨੂੰ ਸੌਂਪਿਆ ਗਿਆ ਸੇਂਗੋਲ
ਪ੍ਰੋਗਰਾਮ ’ਚ ਸ਼ਾਮਲ ਨਹੀਂ ਹੋਏ 29 ਵਿਰੋਧੀ ਦਲ
ਨਵੀਂ ਦਿੱਲੀ, 28 ਮਈ (ਹਮਦਰਦ ਨਿਊਜ਼ ਸਰਵਿਸ) :
ਭਾਰਤ ਨੂੰ ਅੱਜ ਨਵਾਂ ਸੰਸਦ ਭਵਨ ਮਿਲ ਗਿਆ। ਵਿਰੋਧੀ ਧਿਰਾਂ ਦੇ ਬਾਈਕਾਟ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਸੰਸਦ ਭਵਨ ਦੇਸ਼ ਨੂੰ ਸਮਰਪਤ ਕਰਦਿਆਂ ਇਸ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਵੈਦਿਕ ਜਾਪ ਦੇ ਨਾਲ-ਨਾਲ ਭਵਨ ’ਚ ਸੇਂਗੋਲ ਵੀ ਸਥਾਪਤ ਕੀਤਾ ਗਿਆ।
ਹਵਨ-ਪੂਜਾ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਨਵਾਂ ਸੰਸਦ ਭਵਨ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਮੌਕੇ ’ਤੇ ਪੀਐਮ ਨੇ ਨਵੇਂ ਸੰਸਦ ਭਵਨ ਵਿੱਚ ਤਾਮਿਲਨਾਡੂ ਦੇ ਸੰਤਾਂ ਵੱਲੋਂ ਸੌਂਪੇ ਗਏ ਸੇਂਗੋਲ ਨੂੰ ਵੀ ਸਥਾਪਤ ਕੀਤਾ। ਉਨ੍ਹਾਂ ਨੇ ਪਹਿਲਾਂ ਸੇਂਗੋਲ ਨੂੰ ਮੱਥਾ ਟੇਕਿਆ ਅਤੇ ਉਥੇ ਮੌਜੂਦ ਸਾਧੂਆਂ ਦਾ ਆਸ਼ੀਰਵਾਦ ਲਿਆ। ਉਦਘਾਟਨੀ ਸਮਾਰੋਹ ਦੌਰਾਨ, ਪੂਜਾ ਲਗਭਗ ਇੱਕ ਘੰਟੇ ਤੱਕ ਚੱਲੀ ਅਤੇ ਪੂਰੀ ਇਮਾਰਤ ਵੈਦਿਕ ਜਾਪਾਂ ਨਾਲ ਗੂੰਜ ਉੱਠੀ। ਇਸ ਮੌਕੇ ਪੀਐਮ ਮੋਦੀ ਦੇ ਨਾਲ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਮੌਜੂਦ ਰਹੇ।
ਉਦਘਾਟਨੀ ਪ੍ਰੋਗਰਾਮ ਦੇ ਦੂਜੇ ਸੈਸ਼ਨ ਵਿੱਚ ਸਦਨ ’ਚ ਸੰਸਦ ਮੈਂਬਰ ਅਤੇ ਮਹਿਮਾਨ ਮੌਜੂਦ ਸਨ, ਜਿਨ੍ਹਾਂ ਨੂੰ ਸੇਂਗੋਲ ’ਤੇ ਬਣੀ ਫਿਲਮ ਦਿਖਾਈ ਗਈ। ਇਸੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ 75 ਰੁਪਏ ਦਾ ਸਿੱਕਾ ਵੀ ਜਾਰੀ ਕੀਤਾ।
ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨਵੀਂ ਇਮਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਵਾਲੇ ਮਜ਼ਦੂਰਾਂ ਨੂੰ ਸਨਮਾਨਤ ਕੀਤਾ।
ਨਵੇਂ ਸੰਸਦ ਭਵਨ ਦੇ ਉਦਘਾਟਨ ਮੌਕੇ ਤਾਮਿਲਨਾਡੂ ਤੋਂ 22 ਸੰਤ ਦਿੱਲੀ ਪਹੁੰਚੇ ਹੋਏ ਨੇ। ਇਹ ਭਵਨ 862 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਨੂੰ ਸੈਂਟਰਲ ਵਿਸਟਾ ਪ੍ਰੋਜੈਕਟ ਦੇ ਤਹਿਤ ਬਣਾਇਆ ਗਿਆ ਹੈ। ਲੋਕ ਸਭਾ ਅਤੇ ਰਾਜ ਸਭਾ ਤੋਂ ਇਲਾਵਾ ਸਾਂਝੇ ਸੈਸ਼ਨ ਲਈ ਇਸ ਸੰਸਦ ਭਵਨ ਵਿੱਚ ਇੱਕ ਵੱਡਾ ਹਾਲ ਵੀ ਬਣਾਇਆ ਗਿਆ ਹੈ, ਜਿਸ ਵਿੱਚ 1272 ਸੀਟਾਂ ਹਨ। ਹੁਣ ਨਵੇਂ ਸੰਸਦ ਭਵਨ ਵਿੱਚ ਕੰਮ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਸੰਸਦੀ ਪ੍ਰੋਗਰਾਮਾਂ ਲਈ ਪੁਰਾਣੇ ਸੰਸਦ ਭਵਨ ਦੀ ਵਰਤੋਂ ਕੀਤੀ ਜਾਵੇਗੀ।