ਭਾਰਤ-ਪਾਕਿਸਤਾਨ ਅਗਲੇ ਹਫ਼ਤੇ ਕਰਨਗੇ ਬੈਠਕ

ਨਵੀਂ ਦਿੱਲੀ/ਇਸਲਾਮਾਬਾਦ, 20 ਮਾਰਚ (ਹਮਦਰਦ ਨਿਊਜ਼ ਸਰਵਿਸ) : ਸਿੰਧੂ ਨਦੀ ਦੇ ਪਾਣੀ ਸਣੇ ਹੋਰ ਮੁੱਖ ਮੁੱਦਿਆਂ ’ਤੇ ਚਰਚਾ ਕਰਨ ਲਈ ਅਗਲੇ ਹਫ਼ਤੇ ਭਾਰਤ ਅਤੇ ਪਾਕਿਸਤਾਨ ਦੇ ਪ੍ਰਤੀਨਿਧੀ ਬੈਠਕ ਕਰਨਗੇ। ਅਗਲੇ ਹਫ਼ਤੇ ਸਥਾਈ ਸਿੰਧੂ ਕਮਿਸ਼ਨ ਦੀ ਬੈਠਕ ਹੋਣ ਵਾਲੀ ਹੈ। ਇਸ ਤੋਂ ਇਲਾਵਾ ਜਲ ਸਬੰਧੀ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕਰਨ ਲਈ ਉਸ ਦੇ ਜਲ ਮਾਹਰਾਂ ਦਾ ਇੱਕ ਪ੍ਰਤੀਨਿਧੀ ਮੰਡਲ ਭਾਰਤ ਦੀ ਯਾਤਰਾ ਕਰੇਗਾ। ਪਾਕਿਸਤਾਨੀ ਪ੍ਰਤੀਨਿਧੀ ਮੰਡਲ ਅਗਲੇ ਹਫ਼ਤੇ ਨਵੀਂ ਦਿੱਲੀ ਪੁੱਜੇਗਾ।
ਵਿਦੇਸ਼ ਵਿਭਾਗ ਦੇ ਬੁਲਾਰੇ ਜਹੀਦ ਹਫੀਜ ਚੌਧਰੀ ਨੇ ਕਿਹਾ ਕਿ ਸਥਾਈ ਸਿੰਧੂ ਕਮਿਸ਼ਨ ਦੀ 116ਵੀਂ ਬੈਠਕ ਦਿੱਲੀ ਵਿੱਚ 23 ਅਤੇ 24 ਮਾਰਚ ਨੂੰ ਹੋਵੇਗੀ।
ਉਨ੍ਹਾਂ ਕਿਹਾ ਕਿ ਕਰਾਰ ਦੇ ਤਹਿਤ ਕਈ ਮੁੱਦੇ ਹਨ, ਜਿਨ੍ਹਾਂ ਵਿੱਚ ਪਕਲ ਦੁਲ ਅਤੇ ਲੋਅਰ ਕਲਨਾਈ ਹਾਈਡਰੋਇਲੈਕਟ੍ਰਿਕ ਪਲਾਂਟਸ ਦੇ ਡਿਜ਼ਾਈਨ ’ਤੇ ਸਾਡੇ ਇਤਰਾਜ਼, ਪੱਛਮੀ ਨਦੀਆਂ ’ਤੇ ਭਾਰਤ ਦੀਆਂ ਨਵੀਆਂ ਯੋਜਨਾਵਾਂ ’ਤੇ ਸੂਚਨਾ ਦੀ ਸਪਲਾਈ ਅਤੇ ਭਾਰਤ ਤੋਂ ਮਿਲਣ ਵਾਲੇ ਹੜ੍ਹ ਸਬੰਧੀ ਅੰਕੜੇ ਸ਼ਾਮਲ ਹਨ।
ਚੌਧਰੀ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਸਿੰਧੂ ਜਲ ਕਮਿਸ਼ਨਰ ਸਈਅਦ ਮੁਹੰਮਦ ਮੇਅਰ ਅਲੀ ਸ਼ਾਹ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰਨਗੇ। ਉੱਥੇ ਹੀ ਭਾਰਤੀ ਪ੍ਰਤੀਨਿਧੀ ਮੰਡਲ ਸਿੰਧੂ ਕਮਿਸ਼ਨਰ ਪੀਕੇ ਸਕਸੈਨਾ ਦੀ ਪ੍ਰਧਾਨਗੀ ਵਿੱਚ ਬੈਠਕ ’ਚ ਸ਼ਾਮਲ ਹੋਵੇਗਾ। ਸਕਸੈਨਾ ਦੇ ਨਾਲ ਕੇਂਦਰੀ ਜਲ ਕਮਿਸ਼ਨ, ਸੈਂਟਰਲ ਇਲੈਕਟ੍ਰੀਸਿਟੀ ਅਥਾਰਟੀ ਅਤੇ ਨੈਸ਼ਨਲ ਹਾਈਡਰੋਇਲੈਕਟ੍ਰਿਕ ਪਾਰਵ ਕਾਰਪੋਰੇਸ਼ਨ ਦੇ ਉਨ੍ਹਾਂ ਦੇ ਸਲਾਹਕਾਰ ਸ਼ਾਮਲ ਹੋਣਗੇ।
ਇਹ ਸਥਾਈ ਸਿੰਧੂ ਕਮਿਸ਼ਨ ਦੀ ਸਾਲਾਨਾ ਬੈਠਕ ਹੋਵੇਗੀ। ਸਿੰਧੂ ਜਲ ਸਮਝੌਤੇ ਦੇ ਤਹਿਤ ਦੋਵਾਂ ਦੇਸ਼ਾਂ ਦੇ ਕਮਿਸ਼ਨਰਾਂ ਨੂੰ ਸਾਲ ਵਿੱਚ ਘੱਟ ਤੋਂ ਘੱਟ ਇੱਕ ਵਾਰ ਬੈਠਕ ਕਰਨੀ ਹੁੰਦੀ ਹੈ। ਇਹ ਬੈਠਕ ਪਾਕਿਸਤਾਨ ਤੇ ਭਾਰਤ ਵਿੱਚ ਵਾਰੀ-ਵਾਰੀ ਆਯੋਜਤ ਕੀਤੀ ਜਾਂਦੀ ਹੈ। ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ-370 ਦੀਆਂ ਜ਼ਿਆਦਾਤਰ ਤਜਵੀਜ਼ਾਂ ਸਮਾਪਤ ਕੀਤੇ ਜਾਣ ਬਾਅਦ ਪਹਿਲੀ ਵਾਰ ਇਹ ਬੈਠਕ ਹੋਵੇਗੀ। ਦੱਸ ਦੇਈਏ ਕਿ ਸਰਕਾਰ ਨੇ ਸੂਬੇ ਨੂੰ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਹੈ। ਇੱਕ ਲੱਦਾਖ ਅਤੇ ਦੂਜਾ ਜੰਮੂ ਤੇ ਕਸ਼ਮੀਰ ਹੈ। ਭਾਰਤ ਨੇ ਇਸ ਤੋਂ ਬਾਅਦ ਲੱਦਾਖ ਵਿੱਚ ਕਈ ਹਾਈਡਰੋ ਪਾਵਰ ਪ੍ਰੋਜੈਕਟ ਲਾਏ ਹਨ।

Video Ad
Video Ad